ਨਵਜੋਤ ਸਿੰਘ ਸਿੱਧੂ ਨੇ ਅੱਜ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮੁੜ ਇੱਕ ਚਿੱਠੀ ਲਿਖ ਕੇ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਪਾਕਿਸਤਾਨ ਜਾਣ ਦੀ ਇਜਾਜ਼ਤ ਮੰਗੀ ਹੈ। ਚਿੱਠੀ ‘ਚ ਸਿੱਧੂ ਨੇ ਲਿਖਿਆ ਹੈ ਕਿ ਉਹ 9 ਨਵੰਬਰ ਨੂੰ ਸਵੇਰੇ 9.30 ਵਜੇ ਤੋਂ ਪਹਿਲਾਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣਾ ਚਾਹੁੰਦੇ ਹਨ। ਇਸ ਮਗਰੋਂ ਉਹ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਕਰਤਾਰਪੁਰ) ‘ਚ ਨਤਮਸਤਕ ਹੋ ਕੇ ਅਤੇ ਸੰਗਤ ਨਾਲ ਲੰਗਰ ਛਕਣ ਮਗਰੋਂ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਰੋਹ ‘ਚ ਸ਼ਿਰਕਤ ਕਰਨਗੇ। ਫਿਰ ਉਹ ਸ਼ਾਮ ਤੱਕ ਲਾਂਘੇ ਰਾਹੀਂ ਭਾਰਤ ਵਾਪਸ ਪਰਤ ਆਉਣਗੇ।

ਸਿੱਧੂ ਨੇ ਅੱਗੇ ਲਿਖਿਆ ਹੈ ਕਿ ਜੇਕਰ ਇਹ ਸੰਭਵ ਨਹੀਂ ਹੈ ਤਾਂ ਉਹ 8 ਨਵੰਬਰ ਨੂੰ ਵਾਹਗਾ ਸਰਹੱਦ ਰਾਹੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਕਰਤਾਰਪੁਰ) ਜਾਣਗੇ ਅਤੇ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਰੋਹ ‘ਚ ਸ਼ਾਮਲ ਹੋਣਗੇ। ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਇਸ ਸਮੇਂ ਉਨ੍ਹਾਂ ਕੋਲ ਪਾਕਿਸਤਾਨ ਦਾ ਵੀਜ਼ਾ ਨਹੀਂ ਹੈ।