ਫਗਵਾੜਾ (ਡਾ ਰਮਨ ) ਕਮਲਾ ਨਹਿਰੂ ਕਾਲਜ ਦੀ ਸਾਇੰਸ ਰਿਸਰਚ ਜਰਨਲ ਕਮੇਟੀ ਅਤੇ ਆਈ ਕਿਊ ਏ ਸੀ ਵੱਲੋਂ ਪ੍ਰਿੰਸੀਪਲ ਡਾ: ਸਵਿੰਦਰ ਪਾਲ ਦੀ ਰਹਿਨੁਮਾਈ ਹੇਠ “ਸਾਇੰਸ ਰਿਸਰਚ ਜਰਨਲ ਲਈ ਦਿਸ਼ਾ-ਨਿਰਦੇਸ਼” ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਵੈਬੀਨਾਰ ਦੇ ਮੁੱਖ ਵਕਤਾ ਡਾ: ਵਨੀਤਾ ਚਾਹਲ, ਬੌਟਨੀ ਵਿਭਾਗ, ਕਮਲਾ ਨਹਿਰੂ ਕਾਲਜ, ਫਗਵਾੜਾ ਸਨ। ਮੈਡਮ ਪ੍ਰਿਅੰਕਾ, ਮੁਖੀ ਸਾਇੰਸ ਵਿਭਾਗ ਨੇ ਮੁੱਖ ਵਕਤਾ ਨਾਲ਼ ਜਾਣ-ਪਛਾਣ ਕਰਾਈ ਅਤੇ ਪ੍ਰਿੰਸੀਪਲ ਡਾ: ਸਵਿੰਦਰ ਪਾਲ ਵੱਲੋਂ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਡਾ: ਵਨੀਤਾ ਚਾਹਲ ਨੇ ਖੋਜ-ਸਮੱਗਰੀ ਦੀ ਪੇਸ਼ਕਾਰੀ ਅਤੇ ਰੀਵਿਊ ਬਾਰੇ ਵਿਸਤਾਰ ਪੂਰਵਕ ਚਰਚਾ ਕੀਤੀ। ਇਸਦੇ ਨਾਲ਼ ਹੀ ਉਨ੍ਹਾਂ ਨੇ ਖੋਜ ਸਮੱਗਰੀ ਦੇ ਵੱਖ ਵੱਖ ਹਿੱਸਿਆਂ ਜਿਵੇਂ ਸਿਰਲੇਖ, ਸਾਰ, ਜਾਣ-ਪਛਾਣ, ਵਿਧੀ, ਨਤੀਜੇ, ਸਾਰ-ਅੰਸ਼, ਹਵਾਲੇ ਆਦਿ ਬਾਰੇ ਵੀ ਜਾਣਕਾਰੀ ਦਿੱਤੀ। ਸਮੁੱਚੀ ਜਾਣਕਾਰੀ ਦੇ ਨਾਲ਼ ਨਾਲ਼ ਉਨ੍ਹਾਂ ਨੇ ਨਕਲ ਤੋਂ ਸਾਵਧਾਨ ਰਹਿਣ ਲਈ ਜ਼ੋਰ ਦਿੱਤਾ।

ਪ੍ਰਿੰਸੀਪਲ ਡਾ: ਸਵਿੰਦਰ ਪਾਲ ਨੇ ਖੋਜ ਸੰਬੰਧੀ ਮਹੱਤਵਪੂਰਨ ਜਾਣਕਾਰੀ ਦੇਣ ਲਈ ਡਾ: ਵਨੀਤਾ ਚਾਹਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਾਣਕਾਰੀ ਵਿਦਿਆਰਥੀਆਂ ਅਤੇ ਪ੍ਰਾਧਿਆਪਕਾਂ ਲਈ ਖੋਜ-ਪੱਤਰ ਲਿਖਣ ਵਿੱਚ ਬਹੁਤ ਲਾਹੇਵੰਦ ਹੋਵੇਗੀ। ਉਨ੍ਹਾਂ ਨੇ ਆਯੋਜਕ ਟੀਮ ਮੈਡਮ ਪ੍ਰੀਅੰਕਾ,ਮੈਡਮ ਮਨਵਿੰਦਰ ਅਤੇ ਸਾਇੰਸ ਰਿਸਰਚ ਜਰਨਲ ਕਮੇਟੀ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਅਜਿਹੇ ਸਾਰਥਕ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਮੈਡਮ ਮਨਵਿੰਦਰ ਨੇ ਪ੍ਰਿੰਸੀਪਲ ਡਾ: ਸਵਿੰਦਰ ਪਾਲ, ਡਾ: ਵਨੀਤਾ ਚਾਹਲ ਅਤੇ ਵੈਬੀਨਾਰ ਦਾ ਹਿੱਸਾ ਬਣਨ ਵਾਲ਼ੇ 75 ਤੋਂ ਵੱਧ ਸਰੋਤਾ ਵਰਗ ਜਿਨ੍ਹਾਂ ਵਿੱਚ ਸਾਇੰਸ ਵਿਭਾਗ ਦੇ ਵਿਦਿਆਰਥੀ ਵੀ ਸ਼ਾਮਿਲ ਸਨ ਦਾ ਸ਼ੁਕਰੀਆ ਅਦਾ ਕੀਤਾ।