ਫਗਵਾੜਾ (ਡਾ ਰਮਨ)

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋਕਾਂ ਵਿਚ ਸਹੀ ਜਾਣਕਾਰੀ ਅਤੇ ਇਸ ਤੋਂ ਬਚਾਅ ਲਈ ਉਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਕਪੂਰਥਲਾ ਸਾਈਕਲਿੰਗ ਕਲੱਬ ਵੱਲੋਂ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਅੱਜ ਸ਼ਹਿਰ ਵਿਚ ਜਾਗਰੂਕਤਾ ਰੈਲੀ ਕੱਢੀ ਗਈ। ਸਮਾਜ ਸੇਵਕ ਗੁਰਮੁਖ ਸਿੰਘ ਢੋਡ ਦੀ ਅਗਵਾਈ ਹੇਠ ਸਾਈਕਲਿੰਗ ਕਲੱਬ ਦੇ ਮੈਂਬਰਾਂ ਵੱਲੋਂ ਕੱਢੀ ਗਈ ਇਸ ਜਾਗਰੂਕਤਾ ਰੈਲੀ ਦੌਰਾਨ ਸ਼ਹਿਰ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਦੀ ਅਪੀਲ ਕੀਤੀ ਗਈ। ਇਹ ਰੈਲੀ ਡੀ. ਪੀ. ਆਰ. ਓ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਕ, ਕਚਹਿਰੀ ਚੌਕ, ਫੁਆਰਾ ਚੌਕ ਅਤੇ ਪੁਰਾਣੀ ਸਬਜ਼ੀ ਮੰਡੀ ਤੋਂ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਚੌਕ ਵਿਖੇ ਜਾ ਕੇ ਸਮਾਪਤ ਹੋਈ। ਇਸ ਦੌਰਾਨ ਦੱਸਿਆ ਗਿਆ ਕਿ ਕੋਰੋਨਾ ਵਾਇਰਸ ਇਨਸਾਨ ਤੋਂ ਇਨਸਾਨ ਰਾਹੀਂ ਹੀ ਫੈਲਦਾ ਹੈ। ਜੇਕਰ ਕੋਈ ਕੋਰੋਨਾ ਪਾਜ਼ੀਟਿਵ ਹੈ ਤਾਂ ਉਸ ਦੇ ਸੰਪਰਕ ਵਿਚ ਜੋ ਵਿਅਕਤੀ ਜਾਂ ਵਸਤੂ ਆਉਂਦੀ ਹੈ, ਇਹ ਵਾਇਰਸ ਉਥੇ ਆਪਣੀ ਜਗਾ ਬਣਾ ਲੈਂਦਾ ਹੈ। ਜਦੋਂ ਕੋਈ ਦੂਸਰਾ ਉਸ ਵਸਤੂ ਜਾਂ ਵਿਅਕਤੀ ਨੂੰ ਛੂਹੇਗਾ ਤਾਂ ਇਹ ਵਾਇਰਸ ਉਸ ਤੱਕ ਪਹੁੰਚ ਜਾਂਦਾ ਹੈ ਅਤੇ ਇਨਸਾਨ ਦੀ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਵਾਰ-ਵਾਰ ਹੱਥ ਧੋਣ, ਆਪਸੀ ਦੂਰੀ ਬਣਾਈ ਰੱਖਣ, ਮਾਸਕ ਪਹਿਨਣ ਅਤੇ ਹੋਰਨਾਂ ਸਿਹਤ ਸੁਰੱਖਿਆ ਉਪਾਵਾਂ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ। ਇਸ ਦੌਰਾਨ ਸ਼ਹਿਰ ਵਾਸੀਆਂ ਨੂੰ ਦੱਸਿਆ ਗਿਆ ਕਿ ਸਭਨਾਂ ਦੇ ਸਹਿਯੋਗ ਨਾਲ ਹੀ ਇਸ ਭਿਆਨਕ ਮਹਾਂਮਾਰੀ ਖਿਲਾਫ਼ ਵਿੱਢੀ ਗਈ ਜੰਗ ਜਿੱਤੀ ਜਾ ਸਕਦੀ ਹੈ। ਇਸ ਮੌਕੇ ਸ੍ਰੀ ਰਿੰਕੂ ਕਾਲੀਆ, ਸ. ਸੁਖਵਿੰਦਰ ਮੋਹਨ ਸਿੰਘ ਭਾਟੀਆ, ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਗੁਰਬਚਨ ਸਿੰਘ ਬੰਗੜ, ਬਲਕਾਰ ਸਿੰਘ, ਜਸਵਿੰਦਰ ਪਾਲ ਉੱਗੀ, ਰਾਜੀਵ ਸੂਦ, ਬਲਬੀਰ ਸਿੰਘ, ਗੋਲਡੀ ਅਤੇ ਹੋਰ ਹਾਜ਼ਰ ਸਨ।