*ਕੋਵਿਡ-19 ਦੇ ਚੱਲਦਿਆਂ ਨਸ਼ਾ ਤੋਂ ਪੀੜਤ ਮਰੀਜ਼ਾਂ ਨੂੰ ਘਰ ਬੈਠੇ ਮਿਲੇਗੀ ਦਵਾਈ-ਰਾਣਾ ਗੁਰਜੀਤ ਸਿੰਘ
*ਦਵਾਈ ਲੈਣ ਦੌਰਾਨ ਸਾਫ਼-ਸਫ਼ਾਈ ਅਤੇ ਸਮਾਜਿਕ ਦੂਰੀ ਦਾ ਰੱਖਿਆ ਜਾਵੇ ਖਾਸ ਧਿਆਨ-ਸਿਵਲ ਸਰਜਨ
*ਹਫ਼ਤੇ ਵਿਚ ਚਾਰ ਦਿਨ ਪਿੰਡਾਂ ਵਿਚ ਮੂਵ ਕਰੇਗੀ ਵੈਨ-ਡਾ. ਸੰਦੀਪ ਭੋਲਾ
ਫਗਵਾੜਾ (ਡਾ ਰਮਨ)
ਕੋਰੋਨਾ ਵਾਇਰਸ ਦੇ ਚੱਲਦਿਆਂ ਨਸ਼ੇ ਦੇ ਪੀੜਤ ਮਰੀਜ਼ਾਂ ਤੱਕ ਘਰ ਬੈਠੇ ਹੀ ਦਵਾਈਆਂ ਪਹੁੰਚਾਉਣ ਲਈ ਅੱਜ ਜ਼ਿਲੇ ਵਿਚ ਮੋਬਾਈਲ ਓਟ ਕਲੀਨਿਕ ਦੀ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂਆਤ ਕੀਤੀ ਗਈ। ਪਿੰਡ ਸਿੱਧਵਾਂ ਦੋਨਾ ਤੋਂ ਇਸ ਨਿਵੇਕਲੇ ਪ੍ਰਾਜੈਕਟ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿਚ ਕਿਸੇ ਵੀ ਤਰਾਂ ਦੀ ਅੜਚਣ ਨਾ ਆਵੇ, ਉਸ ਲਈ ਵੀ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਨਸ਼ੇ ਦੇ ਪੀੜਤ ਮਰੀਜ਼ਾਂ ਨੂੰ ਘਰ ਬੈਠੇ ਦਵਾਈ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੀਤਾ ਗਿਆ ਇਹ ਉਪਰਾਲੇ ਬੇਹੱਦ ਸ਼ਲਾਘਾਯੋਗ ਹੈ। ਉਨਾਂ ਦੱਸਿਆ ਕਿ ਇਸ ਮੋਬਾਈਲ ਕਲੀਨਿਕ ਜ਼ਰੀਏ ਨਸ਼ਾ ਪੀੜਤਾਂ ਨੂੰ ਪਿੰਡ-ਪਿੰਡ ਜਾ ਕੇ ਦਵਾਈ ਦਿੱਤੀ ਜਾਵੇਗੀ, ਤਾਂ ਜੋ ਲਾਕ ਡਾੳੂਨ ਦੇ ਚੱਲਦਿਆਂ ਉਨਾਂ ਨੂੰ ਦਵਾਈ ਲੈਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।
ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਇਸ ਮੌਕੇ ਦੱਸਿਆ ਕਿ ਜ਼ਿਲੇ ਦੇ ਓਟ ਕਲੀਨਿਕਾਂ ਵਿਚ ਵੱਧ ਰਹੀ ਭੀੜ ਨੂੰ ਘੱਟ ਕਰਨ ਦੇ ਉਦੇਸ਼ ਨਾਲ ਜ਼ਿਲਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਇਹ ਮੁਹਿੰਮ ਵਿੱਢੀ ਗਈ ਹੈ, ਤਾਂ ਜੋ ਕੋਵਿਡ- 19 ਦੇ ਚੱਲਦਿਆਂ ਸਮਾਜਿਕ ਦੂਰੀ ਨੂੰ ਕਾਇਮ ਰੱਖਿਆ ਜਾ ਸਕੇ। ਉਨਾਂ ਦੱਸਿਆ ਕਿ ਇਸ ਪਾਇਲਟ ਪ੍ਰਾਜੈਕਟ ਤਹਿਤ ਬਲਾਕ ਕਾਲਾ ਸੰਘਿਆਂ ਦੇ 11 ਅਤੇ ਸੁਲਤਾਨਪੁਰ ਲੋਧੀ ਦੇ 3 ਪਿੰਡਾਂ ਨੂੰ ਚੁਣਿਆ ਗਿਆ ਹੈ ਅਤੇ ਇਨਾਂ ਕੁੱਲ 14 ਪਿੰਡਾਂ ਵਿਚ ਨਿਰਧਾਰਤ ਰੂਟ ਪਲਾਨ ਮੁਤਾਬਿਕ ਇਹ ਵੈਨ ਮੂਵ ਕਰੇਗੀ ਤੇ ਪੀੜਤਾਂ ਤੱਕ ਦਵਾਈ ਪਹੁੰਚਾਈ ਜਾਵੇਗੀ। ਉਨਾਂ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਮਰੀਜ਼ ਨੂੰ ਇਕ ਹਫ਼ਤੇ ਦੀ ਦਵਾਈ ਦਿੱਤੀ ਜਾਵੇਗੀ। ਉਨਾਂ ਇਹ ਵੀ ਦੱਸਿਆ ਕਿ ਜਿਹੜੇ ਮਰੀਜ਼ ਪਹਿਲਾਂ ਓਟ ਸੈਂਟਰਾਂ ਵਿਚ ਰਜਿਸਟਰਡ ਹਨ, ਉਨਾਂ ਨੂੰ ਹੀ ਇਸ ਮੋਬਾਈਲ ਕਲੀਨਿਕ ਜ਼ਰੀਏ ਦਵਾਈ ਦੀ ਸਹੂਲਤ ਮਿਲੇਗੀ। ਨਵੇਂ ਮਰੀਜ਼ਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਨੇੜਲੇ ਸਰਕਾਰੀ ਸਿਹਤ ਕੇਂਦਰ ਦੇ ਓਟ ਸੈਂਟਰ ਵਿਖੇ ਸੰਪਰਕ ਕਰਨਾ ਲਾਜ਼ਮੀ ਹੈ। ਸਿਵਲ ਸਰਜਨ ਨੇ ਇਹ ਵੀ ਅਪੀਲ ਕੀਤੀ ਕਿ ਦਵਾਈ ਲੈਣ ਆਉਣ ਤੋਂ ਪਹਿਲਾਂ ਚੰਗੀ ਤਰਾਂ ਹੱਥ ਧੋਤੇ ਜਾਣ, ਦਵਾਈ ਲੈਣ ਦੌਰਾਨ ਸਮਾਜਿਕ ਦੂਰੀ ਮੇਨਟੇਨ ਰੱਖਦੇ ਹੋਏ ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਮਾਸਕ ਬੰਨ ਕੇ ਦਵਾਈ ਲੈਣ ਆਇਆ ਜਾਵੇ।
ਨਸ਼ਾ ਛੁਡਾੳੂ ਕੇਂਦਰ ਦੇ ਇੰਚਾਰਜ ਡਾ. ਸੰਦੀਪ ਭੋਲਾ ਨੇ ਇਸ ਮੌਕੇ ਦੱਸਿਆ ਕਿ ਇਹ ਵੈਨ ਹਫ਼ਤੇ ਵਿਚ ਚਾਰ ਦਿਨ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਏਗੀ। ਉਨਾਂ ਦੱਸਿਆ ਕਿ ਉਕਤ ਵੈਨ ਰੋਜ਼ਾਨਾ ਸਵੇਰੇ 8 ਵਜੇ ਸਿਵਲ ਹਸਪਤਾਲ ਕਪੂਰਥਲਾ ਤੋਂ ਮੂਵ ਕਰੇਗੀ ਅਤੇ ਹਰ ਪਿੰਡ ਵਿਚ ਇਕ ਤੋਂ ਡੇਢ ਘੰਟਾ ਰੁਕੇਗੀ, ਤਾਂ ਜੋ ਸਭਨਾਂ ਨੂੰ ਦਵਾਈ ਮਿਲ ਸਕੇ। ਮੋਬਾਈਲ ਓਟ ਕਲੀਨਿਕ ਦੇ ਹਫ਼ਤੇ ਦੇ ਸ਼ਡਿੳੂਲ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਹਰੇਕ ਮੰਗਲਵਾਰ ਨੂੰ ਇਹ ਵੈਨ ਸਵੇਰੇ 8 ਵਜੇ ਸਿਵਲ ਹਸਪਤਾਲ ਕਪੂਰਥਲਾ ਤੋਂ ਰਵਾਨਾ ਹੋਵੇਗੀ ਅਤੇ 8.30 ਤੋਂ 10 ਵਜੇ ਤੱਕ ਪਿੰਡ ਸੰਧੂ ਚੱਠਾ ਵਿਖੇ ਰਹੇਗੀ, ਸਵੇਰੇ 10.15 ਤੋਂ 11.30 ਵਜੇ ਤੱਕ ਪਿੰਡ ਜੱਲੋਵਾਲ, ਸਵੇਰੇ 11.45 ਤੋਂ ਦੁਪਹਿਰ 1 ਵਜੇ ਤੱਕ ਪਿੰਡ ਖੁਸਰੋਪੁਰ ਅਤੇ ਦੁਪਹਿਰ 1.15 ਤੋਂ 3 ਵਜੇ ਤੱਕ ਪਿੰਡ ਸਿੱਧਵਾਂ ਦੋਨਾ ਵਿਚ ਰਹੇਗੀ। ਬੁੱਧਵਾਰ ਨੂੰ ਸਵੇਰੇ 8.30 ਤੋਂ 10 ਵਜੇ ਤੱਕ ਪਿੰਡ ਬਨਵਾਲੀਪੁਰ, ਸਵੇਰੇ 10.45 ਤੋਂ ਦੁਪਹਿਰ 12 ਵਜੇ ਤੱਕ ਪਿੰਡ ਕਾਹਲਵਾਂ ਅਤੇ ਦੁਪਹਿਰ 12.15 ਤੋਂ ਦੁਪਹਿਰ 2 ਵਜੇ ਤੱਕ ਪਿੰਡ ਥਿਗਲੀ ਵਿਖੇ ਰਹੇਗੀ। ਇਸੇ ਤਰਾਂ ਸ਼ੁੱਕਰਵਾਰ ਨੂੰ ਇਹ ਵੈਨ ਸਵੇਰੇ 8.30 ਤੋਂ 10 ਵਜੇ ਤੱਕ ਪਿੰਡ ਸਿਆਲ, ਸਵੇਰੇ 10.15 ਤੋਂ 11.30 ਵਜੇ ਤੱਕ ਪਿੰਡ ਭਾਣੋਲੰਗਾ, 11.45 ਤੋਂ ਦੁਪਹਿਰ 1 ਵਜੇ ਤੱਕ ਪਿੰਡ ਤੋਗਾਂਵਾਲ ਅਤੇ 1.15 ਤੋਂ ਦੁਪਹਿਰ 3 ਵਜੇ ਤੱਕ ਪਿੰਡ ਮੋਠਾਂਵਾਲ ਰਹੇਗੀ। ਇਸੇ ਤਰਾਂ ਸਨਿੱਚਰਵਾਰ ਨੂੰ ਵੈਨ ਸਵੇਰੇ 8.30 ਤੋਂ 10.30 ਵਜੇ ਤੱਕ ਪਿੰਡ ਸੇਚਾਂ, ਸਵੇਰੇ 10.45 ਤੋਂ ਦੁਪਹਿਰ 12 ਵਜੇ ਤੱਕ ਪਿੰਡ ਲਾਟੀਆਂਵਾਲ ਅਤੇ 12.15 ਤੋਂ ਦੁਪਹਿਰ 2 ਵਜੇ ਤੱਕ ਪਿੰਡ ਤੋਤੀ ਵਿਖੇ ਰਹੇਗੀ।
ਇਸ ਮੌਕੇ ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਡੀ. ਐਸ. ਪੀ ਸ. ਹਰਿੰਦਰ ਸਿੰਘ ਗਿੱਲ, ਸੀਨੀਅਰ ਮੈਡੀਕਲ ਅਫ਼ਸਰ ਸੀ. ਐਚ. ਸੀ ਕਾਲਾ ਸੰਘਿਆਂ ਡਾ. ਮਨਜੀਤ, ਸ. ਅਮਰਜੀਤ ਸਿੰਘ ਸੈਦੋਵਾਲ, ਸ੍ਰੀ ਵਿਸ਼ਾਲ ਸੋਨੀ, ਸਰਪੰਚ ਸ੍ਰੀ ਜਸਵਿੰਦਰ ਸਿੰਘ, ਵਾਈਸ ਚੇਅਰਮੈਨ ਬਲਾਕ ਸੰਮਤੀ ਸ. ਬਲਬੀਰ ਸਿੰਘ ਬੱਲੀ, ਮਾਸਟਰ ਸਰਵਨ ਸਿੰਘ, ਸ. ਸੁਖਪਾਲ ਸਿੰਘ, ਮਾਸਟਰ ਵਿਜੇ ਕੁਮਾਰ ਸ਼ਰਮਾ, ਸ. ਸੁਖਵਿੰਦਰ ਸਿੰਘ, ਸ. ਚਰਨਜੀਤ ਸਿੰਘ, ਸ. ਕਿਰਪਾਲ ਸਿੰਘ, ਸ੍ਰੀ ਰਘਬੀਰ ਪੱਲੀ, ਸ. ਪਲਵਿੰਦਰ ਸਿੰਘ, ਸ੍ਰੀ ਸਟੀਫਨ ਸਿੰਘ, ਸ੍ਰੀ ਸੋਮ ਦੱਤ ਸ਼ਰਮਾ ਤੇ ਹੋਰ ਹਾਜ਼ਰ ਸਨ।