ਮਹਿਤਪੁਰ (ਅੰਮ੍ਰਿਤਪਾਲ ਸਿੰਘ) ਮਾਰਕਿਟ ਕਮੇਟੀ ਮਹਿਤਪੁਰ ਵਲੋਂ ਮੰਡੀ ਦੇ ਸਮੂਹ ਆੜ੍ਹਤੀਆਂ ਨਾਲ ਕਣਕ ਦੇ ਖ੍ਰੀਦ ਪ੍ਰਬੰਧਾਂ ਲਈ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਚੇਅਰਮੈਨ ਮਾਰਕੀਟ ਕਮੇਟੀ ਅਮਰਜੀਤ ਸਿੰਘ ਸੋਹਲ, ਵਾਇਸ ਚੇਅਰਮੈਨ ਕੁਲਬੀਰ ਸਿੰਘ ਅਤੇ ਸਕੱਤਰ ਹਰਜੀਤ ਸਿੰਘ ਖਹਿਰਾ ਆਦਿ ਹਾਜ਼ਰ ਹੋਏ । ਸਕੱਤਰ ਮਾਰਕਿਟ ਕਮੇਟੀ ਵੱਲੋਂ ਸਮੂਹ ਆੜ੍ਹਤੀਆਂ ਨੂੰ ਦੱਸਿਆ ਗਿਆ ਕਿ ਇਸ ਵਾਰ ਕਣਕ ਦੀ ਖਰੀਦ ਸਮੇਂ ਭਿਆਨਕ ਮਹਾਂਮਾਰੀ ਕਰੋਨਾ ਵਾਇਰਸ ਕਰਕੇ ਸਮਾਜਿਕ ਦੂਰੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਆੜ੍ਹਤੀਆਂ ਨੂੰ ਕੂਪਨ ਜਾਰੀ ਕੀਤੇ ਜਾਣਗੇ। ਇਕ ਕੂਪਨ ਕੇਵਲ ਇਕ ਟਰਾਲੀ ਲਈ ਹੋਵੇਗਾ। ਆੜ੍ਹਤੀਆਂ ਵਲੋਂ ਇਹ ਕੂਪਨ ਕਿਸਾਨਾਂ ਨੂੰ ਜਾਰੀ ਕੀਤੇ ਜਾਣਗੇ । ਜਿਸ ਤਰੀਕ ਲਈ ਕੂਪਨ ਹੋਵੇਗਾ ਉਸ ਤਰੀਕ ਨੂੰ ਹੀ ਕਿਸਾਨ ਟਰਾਲੀ ਲੈ ਕੇ ਮੰਡੀ ਵਿੱਚ ਦਾਖਲ ਹੋ ਸਕੇਗਾ। ਬਿਨਾਂ ਕੂਪਨ ਕਣਕ ਦੀ ਟਰਾਲੀ ਮੰਡੀ ਵਿੱਚ ਦਾਖਲ ਨਹੀ ਹੋ ਸਕੇਗੀ। ਇਸ ਸੰਬੰਧੀ ਚੇਅਰਮੈਨ ਅਮਰਜੀਤ ਸਿੰਘ ਸੋਹਲ ਨੇ ਕਿਸਾਨਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ।