ਸਾਹਬੀ ਦਾਸੀਕੇ ਸ਼ਾਹਕੋਟੀ

ਸ਼ਾਹਕੋਟ (10-07-2020): ਐਸ ਡੀ ਐਮ ਡਾ. ਸੰਜੀਵ ਸ਼ਰਮਾ ਦੇ ਕੋਰੋਨਾ ਪਾਜੀਟਿਵ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਤਹਿਸੀਲਦਾਰ ਸ਼ਾਹਕੋਟ ਸਮੇਤ ਤਹਿਸੀਲ ‘ਚ ਕੰਮ ਕਰਨ ਵਾਲੇ ਮੁਲਾਜਮਾਂ ਅਤੇ ਹੋਰ ਲੋਕਾਂ ਦੇ ਸੈਂਪਲ ਲਏ ਗਏ। ਸੀਐਚਸੀ ਵਿੱਚ 43 ਸੈਂਪਲ ਲਏ ਗਏ, ਜਿਨ੍ਹਾਂ ਵਿੱਚੋਂ 32 ਸੈਂਪਲ ਤਹਿਸੀਲ ‘ਚ ਕੰਮ ਕਰਨ ਵਾਲੇ ਮੁਲਾਜਮਾਂ ਦੇ ਹਨ, ਜਦਕਿ ਬਾਕੀ ਹੋਰ ਕੈਟੇਗਰੀਆਂ ਦੇ ਹਨ। ਸਾਰਿਆਂ ਦੀ ਰਿਪੋਰਟ ਐਤਵਾਰ ਤੱਕ ਆਉਣ ਦੀ ਉਮੀਦ ਹੈ।

ਸੀ ਐਚ ਸੀ ਸ਼ਾਹਕੋਟ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਸੀ ਐਚ ਸੀ ਵਿੱਚ ਸ਼ੁੱਕਰਵਾਰ ਨੂੰ ਤਹਿਸੀਲ ਕਰਮਚਾਰੀਆਂ, ਪਟਵਾਰੀਆਂ ਸਮੇਤ 43 ਲੋਕਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ। ਸਾਰੇ ਕਰਮਚਾਰੀਆਂ ਨੂੰ ਘਰ ਵਿੱਚ ਇਕਾਂਤਵਾਸ ਰਹਿਣ ਲਈ ਕਿਹਾ ਗਿਆ ਹੈ। ਨਾਲ ਹੀ ਉਨ੍ਹਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣਾ ਵੱਖ ਕਮਰਾ ਰੱਖਣ ਅਤੇ ਪਰਿਵਾਰਕ ਮੈਂਬਰਾਂ ਤੋਂ ਦੂਰੀ ਬਣਾ ਕੇ ਰੱਖਣ। ਐਸ ਡੀ ਐਮ ਡਾ. ਸੰਜੀਵ ਸ਼ਰਮਾ ਰੈਸਟ ਹਾਊਸ ਵਿੱਚ ਹੀ ਆਪਣਾ ਇਕਾਂਤਵਾਸ ਸਮਾਂ ਪੂਰਾ ਕਰਨਗੇ। ਸਿਹਤ ਵਿਭਾਗ ਦੀ ਟੀਮ ਲਗਾਤਾਰ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ। ਬੀਈਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਲੋਹੀਆਂ ਅਤੇ ਫਾਜ਼ਲਪੁਰ ਵਿਖੇ ਲਗਾਤਾਰ ਸਰਵੇ ਕਰ ਰਹੀਆਂ ਹਨ। ਇਸ ਦਰਮਿਆਨ ਫਾਜਲਪੁਰ ਦੇ 116 ਘਰਾਂ ਦਾ ਸਰਵੇ ਕੀਤਾ ਗਿਆ ਅਤੇ 581 ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ। ਜਦਕਿ ਲੋਹੀਆਂ ‘ਚ 310 ਘਰਾਂ ਦਾ ਸਰਵੇ ਕਰਕੇ 1529 ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ।