* ਗੁਰੂ ਕੀ ਗੋਲਕ ਦੀ ਹੋ ਰਹੀ ਦੁਰਵਰਤੋਂ ‘ਤੇ ਚਿੰਤਾ ਪ੍ਰਗਟਾਈ
* ਕੇਂਦਰ ਸਰਕਾਰ ਤੋਂ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਕੀਤੀ ਮੰਗ
ਫਗਵਾੜਾ (ਡਾ ਰਮਨ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਪੰਥਕ ਮਸਲਿਆਂ ਸਬੰਧੀ ਹੰਗਾਮੀ ਮੀਟਿੰਗ ਦਾ ਆਯੋਜਨ ਫਗਵਾੜਾ ਵਿਖੇ ਕੀਤਾ ਗਿਆ, ਜਿਸ ਵਿੱਚ ਹਲਕਾ ਫਗਵਾੜਾ ਦੇ ਸ਼ਹਿਰੀ ਅਤੇ ਦਿਹਾਤੀ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੇ ਸੰਗਤਾਂ ਵੀ ਹਾਜ਼ਰ ਹੋਈਆਂ ।ਇਸ ਮੀਟਿੰਗ ਵਿੱਚ ਉਚੇਚੇ ਤੌਰ ‘ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸ਼ਾਮਿਲ ਹੋਏ । ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਪੰਜਾਬ ਸਿਆਸੀ ਆਗੂਆਂ ਦੀ ਸੌੜੀ ਸਿਆਸਤ ਦੇ ਚੱਲਦਿਆਂ ਮਾੜੇ ਸਮੇਂ ਵਿੱਚੋਂ ਗੁਜਰ ਰਿਹਾ ਹੈ । ਉਹਨਾਂ ਕਿਹਾ ਪੰਜਾਬ ਦੇ ਹਿੱਤਾ ਦੀ ਗੱਲ ਸਿਰਫ ਚੋਣਾਂ ਦੌਰਾਨ ਹੀ ਸਿਆਸੀ ਪਾਰਟੀਆਂ ਨੂੰ ਆਉਂਦੀ ਹੈ ਅਤੇ ਚੋਣਾਂ ਜਿੱਤਣ ਉਪਰੰਤ ਪੰਜਾਬ ਦੇ ਮਸਲੇ ਠੰਡੇ ਬਸਤੇ ਵਿੱਚ ਪਾ ਦਿੱਤੇ ਜਾਂਦੇ ਹਨ,ਜਿਸ ਦੇ ਚੱਲਦਿਆਂ ਪੰਜਾਬ ਦੇ ਸੁਲਗਦੇ ਮਸਲੇ ਫਿਰ 5 ਸਾਲ ਭੁਲਾ ਦਿੱਤੇ ਜਾਂਦੇ ਹਨ ਅਤੇ ਪੰਜਾਬ ਦੀ ਭੋਲੀ ਭਾਲੀ ਜਨਤਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਹੋਈ ਕੌੜਾ ਘੁੱਟ ਭਰਨ ਲਈ ਮਜਬੂਰ ਹੋ ਜਾਂਦੀ ਹੈ । ਉਹਨਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਨਾ ਹੋਣ ਦੇ ਚੱਲਦਿਆਂ ਜਿੱਥੇ ਗੁਰਦੁਆਰਿਆਂ ਦਾ ਪ੍ਰਬੰਧ ਚੰਗੀ ਤਰਾਂ ਨਾਲ ਨਹੀਂ ਹੋ ਰਿਹਾ, ਉੱਥੇ ਹੀ ਗੁਰੂ ਕੀ ਗੋਲਕ ਦੀ ਵੀ ਵੱਡੀ ਪੱਧਰ ‘ਤੇ ਦੁਰਵਰਤੋਂ ਹੋ ਰਹੀ ਹੈ, ਜਿਸ ਨਾਲ ਸੰਗਤਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਹਰੇਕ 5 ਸਾਲ ਬਾਅਦ ਹੁੰਦੀਆਂ ਹਨ ਪਰ ਉਕਤ ਚੋਣਾਂ ਕਾਫੀ ਲੰਬੇ ਸਮੇਂ ਤੋਂ ਨਹੀਂ ਕਰਵਾਈਆਂ ਗਈਆਂ, ਜਿਸ ਦੇ ਕਾਰਨ ਸਿੱਖ ਕੌਮ ਵਿੱਚ ਮਾਯੂਸੀ ਪਾਈ ਜਾ ਰਹੀ ਹੈ । ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਚੋਣਾਂ ਤੁਰੰਤ ਕਾਰਵਾਈਆਂ ਜਾਣ ਤਾਂ ਜੋ ਗੁਰੂ ਕੀ ਗੋਲਕ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਚੰਗੀ ਤਰਾਂ ਨਾਲ ਕੀਤਾ ਜਾ ਸਕੇ । ਉਹਨਾਂ ਕਿਹਾ ਕਿ ਪੰਥਕ ਅਕਾਲੀ ਲਹਿਰ ਨੇ ਹਮੇਸ਼ਾਂ ਹੀ ਪੰਜਾਬੀਆਂ ਅਤੇ ਸਿੱਖ ਕੌਮ ਦੀ ਚੜਦੀ ਕਲਾ ਲਈ ਅਵਾਜ਼ ਬੁਲੰਦ ਕੀਤੀ ਹੈ ਅਤੇ ਕਰਦਾ ਰਹੇਗਾ ।ਮੀਟਿੰਗ ਦੌਰਾਨ ਪ੍ਰਬੰਧਕਾਂ ਨੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਗੁਰੂ ਬਖਸਿਸ ਸਿਰੋਪਾਓ ਭੇਟ ਕੀਤਾ ਗਿਆ । ਇਸ ਮੌਕੇ ਭਾਈ ਮਨਜੀਤ ਸਿੰਘ, ਸਤਿੰਦਰਜੀਤ ਸਿੰਘ ਲੱਕੀ, ਤੇਜਿੰਦਰ ਸਿੰਘ ਬਬਲੂ, ਰਜਿੰਦਰ ਸਿੰਘ ਵਿਕੀ, ਗੁਰਦਿਆਲ ਸਿੰਘ ਲਖਪੁਰ, ਸਵਰਨ ਸਿੰਘ ਮਹੇੜੂ, ਜਸਵਿੰਦਰ ਸਿੰਘ ਭੁੱਲਾਰਾਈ, ਹਰਬੰਸ ਸਿੰਘ, ਨਰਿੰਦਰ ਸਿੰਘ ਢਿੱਲੋਂ, ਰਣਜੀਤ ਸਿੰਘ ਪਲਾਹੀ, ਰੀਤਪਰੀਤਪਾਲ ਸਿੰਘ ਰਾਮਗੜ੍ਹ , ਤੀਰਥ ਸਿੰਘ ਮਹੇੜੂ, ਡਾ. ਜਸਪਾਲ ਸਿੰਘ ਪੰਡੋਰੀ ਅਤੇ ਸੋਨੀ ਵੀ ਹਾਜ਼ਰ ਸਨ ।