ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਵੱਡੀਆਂ ਮੱਛੀਆਂ ‘ਤੇ ਹੋਰ ਸ਼ਿਕੰਜਾ ਕਸਦਿਆਂ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਬੁੱਧਵਾਰ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਸੁਬਾਰਡੀਨੇਟ ਸਰਵਿਸਿਜ਼ ਬੋਰਡ (ਐਸਐਸਬੀ) ਦੇ ਸਾਬਕਾ ਮੈਂਬਰ ਅਤੇ ਅਕਾਲੀ ਆਗੂ ਅਨਵਰ ਮਸੀਹ ਨੂੰ 31 ਜਨਵਰੀ ਨੂੰ ਪਿੰਡ ਸੁਲਤਾਨਵਿੰਡ, ਅੰਮ੍ਰਿਤਸਰ ਵਿਖੇ ਉਸਦੇ ਘਰ ਤੋਂ ਵੱਡੇ ਪੱਧਰ ‘ਤੇ ਬਰਾਮਦ ਹੋਏ ਨਸ਼ਿਆਂ ਦੇ ਸਬੰਧ ‘ਚ ਗ੍ਰਿਫਤਾਰ ਕੀਤਾ ਹੈ।

ਉਕਤ ਦੋਸ਼ੀ ਬੀਤੀ 31 ਜਨਵਰੀ ਨੂੰ 197 ਕਿਲੋਗ੍ਰਾਮ ਹੈਰੋਇਨ ਦੇ ਨਾਲ, ਹੋਰ ਨਸ਼ੀਲੇ ਪਦਾਰਥਾਂ ਅਤੇ ਰਸਾਇਣਾਂ ਦੀ ਬਰਾਮਦਗੀ ਕਾਰਨ ਪੁਲਿਸ ਜਾਂਚ ਅਧੀਨ ਸੀ। ਦੋਸ਼ੀ ‘ਤੇ ਐਫ.ਆਈ.ਆਰ ਨੰ. 23 ਥਾਣਾ ਐਸ ਟੀ ਐਫ -ਐਸ ਏ ਐਸ ਨਗਰ ਮੁਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਸਦੇ ਘਰ ਵਿਚੋਂ 197 ਕਿੱਲੋ ਤੋਂ ਵੱਧ ਹੈਰੋਇਨ ਅਤੇ ਵੱਡੀ ਮਾਤਰਾ ਵਿੱਚ ਹੋਰ ਨਸ਼ੀਲੇ ਪਦਾਰਥਾਂ ਅਤੇ ਰਸਾਇਣਾਂ ਬਰਾਮਦ ਹੋਏ ਸਨ।
ਐਸ.ਟੀ.ਐਫ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਇਹ ਜਾਣਕਾਰੀ ਦਿੰਦਿਆਂ ਖੁਲਾਸਾ ਕੀਤਾ ਕਿ ਮਸੀਹ ਦੇ ਖ਼ਿਲਾਫ਼ ਧਾਰਾ 25 ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਕਿਉਕਿ ਉਸ ਦੀ ਮਾਲਕੀ ਵਾਲੇ ਮਕਾਨਵਿੱਚ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ ਸੀ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।
ਪਿਛਲੀ ਅਕਾਲੀ-ਭਾਜਪਾ ਸਰਕਾਰ ਦੁਆਰਾ ਮਸੀਹ ਨੂੰ ਐਸ.ਐਸ.ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਉਹ ਅਕਾਲੀ ਦਲ ਦਾ ਸਰਗਰਮ ਮੈਂਬਰ ਵੀ ਰਿਹਾ ਸੀ ਅਤੇ ਪਾਰਟੀ ਦੀਆਂ ਕਈ ਵੱਡੇ ਦਿੱਗਜਾਂ ਦੇ ਨੇੜੇ ਦੱਸਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਸੁਲਤਾਨਵਿੰਡ ਦੇ ਆਕਾਸ ਵਿਹਾਰ ਦੇ ਇਕ ਘਰ ਵਿੱਚ ਨਾਜਾਇਜ ਡਰੱਗ ਫੈਕਟਰੀ ਚਲਦੀ ਸੀ ਜਿੱਥੋਂ ਇਹਨਾਂ ਨਸ਼ਿਆਂ ਦੀ ਬਰਾਮਦਗੀ ਕੀਤੀ ਗਈ ਸੀ। ਇਹ ਘਰ ਅਨਵਰ ਮਸੀਹ ਦੇ ਨਾਂ ‘ਤੇ ਰਜਿਸਟਰ ਹੈ। ਹਾਲਾਂਕਿ ਮਸੀਹ ਨੇ ਦਾਅਵਾ ਕੀਤਾ ਸੀ ਕਿ ਉਸਨੇ ਛੇ ਮੁਲਜਮਾਂ ਨੂੰ ਇਹ ਮਕਾਨ ਕਿਰਾਏ ‘ਤੇ ਦਿੱਤਾ ਸੀ, ਜਿਨਾ ਨੂੰ ਉਥੋਂ ਗ੍ਰਿਫਤਾਰ ਕਰ ਲਿਆ ਗਿਆ ਸੀ, ਪਰ ਉਹ ਮਕਾਨ ਕਿਰਾਏ ‘ਤੇ ਦੇਣ ਸਬੰਧੀ ਕੋਈ ਲਿਖਤੀ ਦਸਤਾਵੇਜ਼ ਜਾ ਕਿਰਾਇਆਨਾਮਾ ਪੇਸ਼ ਕਰਨ ਵਿੱਚ ਅਸਫਲ ਰਿਹਾ ਅਤੇ ਆਲੇ-ਦੁਆਲੇ ਦੇ ਲੋਕ ਵੀ ਇੱਥੇ ਰਹਿੰਦੇ ਕਿਸੇ ਵੀ ਕਿਰਾਏਦਾਰ ਤੋਂ ਅਣਜਾਣ ਸਨ। ਪੁਲਿਸ ਵੱਲੋਂ ਕੀਤੀ ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਇਸ ਰੈਕੇਟ ਦਾ ਪਰਦਾਫਾਸ ਕਰਨ ਤੋਂ ਪਹਿਲਾਂ ਦੋਸ਼ੀ ਵੱਲੋਂ ਮਸੀਹ ਦੇ ਘਰ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਨਸ਼ਿਆਂ ਨੂੰ ਸੋਧਣ ਅਤੇ ਬਣਾਉਣ ਲਈ ਵਰਤਿਆ ਜਾਂਦਾ ਰਿਹਾ।
ਆਪਣੀ ਜਾਇਦਾਦ ਦੀ ਕਿਰਾਏਦਾਰੀ ਸਾਬਤ ਕਰਨ ਲਈ ਸਮਾਂ ਦਿੱਤੇ ਜਾਣ ਦੇ ਬਾਵਜੂਦ, ਮਸੀਹ ਇਹ ਦਰਸਾਉਣ ਲਈ ਕੋਈ ਦਸਤਾਵੇਜ ਪੇਸ਼ ਨਹੀਂ ਕਰ ਸਕਿਆ ਕਿ ਉਸ ਨੇ ਇਹ ਮਕਾਨ ਕਿਰਾਏ ‘ਤੇ ਦਿੱਤਾ ਸੀ। ਬੁੱਧਵਾਰ ਨੂੰ, ਜਦੋਂ ਉਹ ਦੁਬਾਰਾ ਪੁੱਛਗਿੱਛ ਦੌਰਾਨ ਕਿਰਾਏਦਾਰੀ ਸਬੰਧੀ ਕੋਈ ਦਸਤਾਵੇਜ ਦਿਖਾਉਣ ਵਿੱਚ ਅਸਫਲ ਰਿਹਾ ਤਾਂ ਐਸਟੀਐਫ ਅੰਮ੍ਰਿਤਸਰ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਸਿੱਧੂ ਨੇ ਕਿਹਾ ਕਿ ਕਾਨੂੰਨ ਅਨੁਸਾਰ ਮਸੀਹ ਨੇ ਕਿਰਾਏਦਾਰਾਂ ਦੀ ਪੁਲਿਸ ਤਸਦੀਕ ਵੀ ਨਹੀਂ ਕਰਵਾਈ ਸੀ ਅਤੇ ਜਿਸ ਤੋਂ ਉਸ ਦੇ ਇਰਾਦਿਆਂ ਦਾ ਪਤਾ ਚੱਲਦਾ ਹੈ।
ਹਾਲਾਂਕਿ, ਏਟੀਐਸ ਗੁਜਰਾਤ ਨੇ ਇਟਲੀ ਤੋਂ ਦੇਸ ਦੇ ਸਭ ਤੋਂ ਵੱਡੇ ਨਸ਼ਾ ਮਾਫੀਆ ਸਿਮਰਨਜੀਤ ਸਿੰਘ ਸੰਧੂ ਦੀ ਹਵਾਲਗੀ ਲਈ ਪਹਿਲਾਂ ਹੀ ਕਾਰਵਾਈ ਸੁਰੂ ਕਰ ਦਿੱਤੀ ਹੈ ਅਤੇ ਐਸਟੀਐਫ ਪੰਜਾਬ ਵੀ ਇਸ ਸਬੰਧੀ ਕਦਮ ਚੁੱਕ ਰਹੀ ਹੈ। ਸਿੱਧੂ ਨੇ ਕਿਹਾ ਕਿ ਐਸਟੀਐਫ ਨੂੰ ਸੰਧੂ ਦੀ ਪੁੱਛਗਿੱਛ ਰਾਹੀਂ ਇਸ ਮਾਮਲੇ ਵਿਚ ਹੋਰ ਵੱਡੀਆਂ ਮੱਛੀਆਂ ਦੇ ਫੜੇ ਜਾਣ ਦੀ ਉਮੀਦ ਹੈ, ਜਿਸ ਨੂੰ ਪਹਿਲਾਂ ਹੀ ਇਟਲੀ ਵਿਚ ਗ੍ਰਿਫਤਾਰ ਕੀਤਾ ਗਿਆ ਹੈ।