* ਆਪਣੀ ਸੁਰੱਖਿਆ ਲਈ ਪੁਲਿਸ ਦਾ ਸਹਿਯੋਗ ਕਰਨ ਲੋਕ – ਧਾਲੀਵਾਲ
* ਬਿਨਾ ਕਰਫਿਊ ਪਾਸ ਫੜੇ ਜਾਣ ‘ਤੇ ਦਰਜ ਹੋਵੇਗੀ ਐਫ.ਆਈ.ਆਰ. – ਐਸ.ਪੀ

ਫਗਵਾੜਾ ( ਡਾ ਰਮਨ) ਫਗਵਾੜਾ ਦੇ ਚਿਹੇੜੂ ਵਿਖੇ ਸਥਿਤ ਐਲ.ਪੀ.ਯੂ. ਵਿਦਿਅਕ ਅਦਾਰੇ ਦੀ ਵਿਦਿਆਰਥਣ ਦੇ ਕੋਰੋਨਾ ਵਾਇਰਸ ਟੈਸਟ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਚੁਸਤ ਅਤੇ ਸਖ਼ਤ ਹੋ ਗਿਆ ਹੈ। ਫਗਵਾੜਾ ‘ਚ ਇਹ ਕੋਰੋਨਾ ਦਾ ਪਹਿਲਾ ਕੇਸ ਹੈ ਜਿਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਏ.ਡੀ.ਸੀ. ਫਗਵਾੜਾ ਰਾਜੀਵ ਵਰਮਾ, ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ, ਐਸ.ਪੀ. ਮਨਵਿੰਦਰ ਸਿੰਘ ਤੋਂ ਇਲਾਵਾ ਤਹਿਸੀਲਦਾਰ ਨਵਦੀਪ ਸਿੰਘ ਅਤੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਫਗਵਾੜਾ ‘ਚ ਲਾਕਡਾਉਨ ਕਰਫਿਊ ਨੂੰ ਹੋਰ ਸਖਤੀ ਨਾਲ ਲਾਗੂ ਕਰਵਾਉਣ ਬਾਰੇ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ. ਫਗਵਾੜਾ ਮਨਵਿੰਦਰ ਸਿੰਘ ਨੇ ਦੱਸਿਆ ਕਿ ਲਾਕਡਾਉਨ ਕਰਫਿਊ ਨੂੰ ਪੂਰੀ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜੇਕਰ ਕੋਈ ਵੀ ਵਿਅਕਤੀ ਬਿਨਾ ਕਰਫਿਉ ਪਾਸ ਦੇ ਪੈਦਲ, ਸਾਇਕਲ, ਸਕੂਟਰ, ਮੋਟਰਸਾਇਕਲ ਜਾਂ ਕਾਰ ਆਦਿ ਉਪਰ ਘੁੰਮਦਾ ਮਿਲਿਆ ਤਾਂ ਬਿਨਾ ਦੇਰ ਕੀਤੇ ਤੁਰੰਤ ਪਰਚਾ ਦਰਜ਼ ਕਰਕੇ ਗਿਰਫਤਾਰ ਕੀਤਾ ਜਾਵੇਗਾ। ਲੋਕਾਂ ਦੀ ਸੁਰੱਖਿਆ ਪੁਲਿਸ ਦਾ ਮੁਢਲਾ ਫਰਜ਼ ਹੈ। ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਗੰਭੀਰ ਹੈ। ਉਹਨਾਂ ਸਖਤ ਚਿਤਾਵਨੀ ਦਿੱਤੀ ਕਿ ਅਜਿਹੇ ਨਾਜੁਕ ਹਾਲਾਤ ਵਿਚ ਕੋਈ ਵੀ ਨਾਗਰਿਕ ਕਾਨੂੰਨ ਤੋੜਨ ਦੀ ਕੋਸ਼ਿਸ਼ ਨਾ ਕਰੇ। ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਯੁਨੀਵਰਸਿਟੀ ਵਿਦਿਆਰਥਣ ਦੀ ਕੋਈ ਟਰੈਵਲ ਹਿਸਟਰੀ ਸਾਹਮਣੇ ਨਾ ਆਉਣ ਨਾਲ ਮਾਮਲਾ ਗੰਭੀਰ ਹੋ ਜਾਂਦਾ ਹੈ। ਹੁਣ ਤੱਕ ਸਬ-ਡਵੀਜਨ ਵਿਚ ਕੋਈ ਵੀ ਕੋਰੋਨਾ ਦਾ ਕੇਸ ਨਹੀਂ ਸੀ ਲੇਕਿਨ ਹੁਣ ਪ੍ਰਸ਼ਾਸਨ ਨੂੰ ਵੀ ਅਤੇ ਲੋਕਾਂ ਨੂੰ ਵੀ ਵਧੇਰੇ ਸਾਵਧਾਨ ਹੋਣ ਦੀ ਲੋੜ ਹੈ। ਇਸ ਲਈ ਉਹ ਲੋਕਾਂ ਨੂੰ ਅਪੀਲ ਹੀ ਨਹੀਂ ਬਲਕਿ ਸਖਤ ਹਦਾਇਤ ਕਰਦੇ ਹਨ ਕਿ ਆਪਣੀ ਸੁਰੱਖਿਆ ਲਈ ਆਪਣੇ ਆਪ ਨੂੰ ਪਰਿਵਾਰਾਂ ਸਮੇਤ ਘਰਾਂ ਦੇ ਅੰਦਰ ਨਜ਼ਰ ਬੰਦ ਕਰ ਲੈਣ। ਰਾਸ਼ਨ ਆਦਿ ਲੈਣ ਲਈ ਹਫੜਾ-ਦਫੜੀ ਨਾ ਕਰਨ। ਹਰ ਸਮਰਥ ਪਰਿਵਾਰ ਦੇ ਘਰ ਵਿਚ ਰਾਸ਼ਨ ਮੋਜੂਦ ਹੈ ਅਤੇ ਗਰੀਬ ਲੋੜਵੰਦਾਂ ਨੂੰ ਪੰਜਾਬ ਸਰਕਾਰ ਵਲੋਂ ਪ੍ਰਸ਼ਾਸਨ ਦੀ ਮੱਦਦ ਨਾਲ ਰਾਸ਼ਨ ਦੀ ਪੂਰਤੀ ਕਰਵਾਈ ਜਾ ਰਹੀ ਹੈ। ਉਨ•ਾਂ ਖਾਸ ਤੌਰ ਤੇ ਸਬਜੀ ਮੰਡੀ ਵਿਚ ਰੋਜਾਨਾ ਹੋ ਰਹੀ ਸਰੀਰਿਕ ਦੂਰੀ ਅਤੇ ਕਰਫਿਉ ਦੀ ਉਲੰਘਣਾ ਦਾ ਨੋਟਿਸ ਲੈਂਦੇ ਹੋਏ ਐਸ.ਪੀ. ਫਗਵਾੜਾ ਨੂੰ ਨਿਰਦੇਸ਼ ਦਿੱਤਾ ਕਿ ਸਬਜੀ ਮੰਡੀ ਵਿਚ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ ਅਤੇ ਬਿਨਾ ਕਰਫਿਊ ਪਾਸ ਉੱਥੇ ਆਉਣ ਵਾਲੇ ਹਰ ਵਿਅਕਤੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਏ.ਡੀ.ਸੀ. ਰਾਜੀਵ ਵਰਮਾ ਅਤੇ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ ਨੇ ਵੀ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਕਰਫਿਊ ਦੀ ਉਲੰਘਣਾ ਕਰਕੇ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜ਼ਿੰਦਗੀ ਨਾਲ ਖਿਲਵਾੜਾ ਨਾ ਕਰਨ। ਉਹਨਾਂ ਕਿਹਾ ਕਿ ਸੋਮਵਾਰ ਤੋਂ ਪੁਲਿਸ ਪੂਰੀ ਮੁਸਤੈਦੀ ਨਾਲ ਲਾਕਡਾਉਨ ਕਰਫਿਊ ਨੂੰ ਲਾਗੂ ਕਰੇਗੀ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਦੇ ਸਾਬਕਾ ਸ਼ਹਿਰੀ ਪ੍ਰਧਾਨ ਅਸ਼ੋਕ ਪਰਾਸ਼ਰ ਤੇ ਸਾਬਕਾ ਸ਼ਹਿਰੀ ਪ੍ਰਧਾਨ ਗੁਰਜੀਤ ਪਾਲ ਵਾਲੀਆ ਵੀ ਮੌਜੂਦ ਸਨ।