ਕੋਰੋਨਾ ਨੂੰ ਲੈ ਕੇ ਪੰਜਾਬ ਵਿੱਚ ਜਿਸ ਦਿਨ ਦਾ ਕਰਫਿਊ ਲੱਗਾ ਹੈ, ਭਾਵੇਂ ਕੋਈ ਨਾ ਕੋਈ ਘਟਨਾ ਤਾਂ ਹੋ ਹੀ ਰਹੀ ਹੈ ਪਰ ਪੰਜਾਬ ਦੀ ਸਭ ਤੋਂ ਵੱਡੀ ਘਟਨਾ ਅੱਜ ਐਤਵਾਰ ਸਵੇਰੇ ਵਾਪਰੀ ਹੈ। ਜਿੱਥੇ ਨਿਹੰਗਾਂ ਨੇ ਪੁਲਿਸ ਨਾਲ ਝੜਪ ਮਗਰੋਂ ਏ.ਐਸ.ਆਈ ਦਾ ਗੁੱਟ ਵੱਢ ਦਿੱਤਾ। ਜਿਸ ਤੋਂ ਬਾਅਦ ਹੁਣ ਪੁਲਿਸ ਨੇ ਇਨ੍ਹਾਂ ਨਿਹੰਗਾਂ ਨਾਲ ਸਬੰਧਤ ਗੁਰਦੁਆਰਾ ਖਿੱਚੜੀ ਸਾਹਿਬ ਨੂੰ ਘੇਰਾ ਪਾਇਆ ਹੋਇਆ ਹੈ ਤਾਂ ਜੋ ਪੁਲਿਸ ‘ਤੇ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਨੂੰ ਗਿਰਫ਼ਤਾਰ ਕੀਤਾ ਜਾ ਸਕੇ।

ਇਸ ਘਟਨਾ ਸਬੰਧੀ ਸੰਪਰਕ ਕਰਨ ‘ਤੇ ਡੀ ਐਸ ਪੀ ਅਜੈਪਾਲ ਸਿੰਘ ਦੱਸਿਆ ਕਿ ਪੁਲਿਸ ਪਾਰਟੀ ‘ਤੇ ਹਮਲਾ ਕਰਨਾ ਬੇਹੱਦ ਮੰਦਭਾਗੀ ਗੱਲ ਹੈ ਅਤੇ ਦੋਸੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਕਸਬਾ ਸਨੌਰ ਵਿਖੇ ਜਿਥੇ ਸਬਜ਼ੀ ਮੰਡੀ ਵਿਚ ਸਵੇਰੇ ਸਬਜ਼ੀ ਲੈਣ ਆਏ ਚਾਰ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਕਾਰ ਜੋਰਦਾਰ ਝੜਪ ਹੋ ਗਈ। ਜਿਸ ਵਿਚ ਇਕ ਐਸ ਐਚ ਓ ਸਮੇਤ ਚਾਰ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਉਧਰ ਸਬਜ਼ ਮੰਡੀ ਵਿਚ ਪੂਰੀ ਦਹਿਸਤ ਵਾਲਾ ਮਹੌਲ ਬਣ ਗਿਆ। ਚਾਰੇ ਹਮਲਾਵਰ ਨਿਹੰਗ ਸਿੰਘ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਏ।

ਸਬਜੀ ਮੰਡੀ ਦੇ ਅੰਦਰ ਜਾਣ ਲਈ ਇਕ ਵਿਸ਼ੇਸ਼ ਪਾਸ ਦੀ ਲੋੜ ਹੁੰਦੀ ਹੈ ਜਿਨ੍ਹਾਂ ਕਿਸਾਨਾਂ ਅਤੇ ਆੜਤੀਆਂ ਜਾਂ ਰੇਹੜੀਆਂ ਵਾਲਿਆਂ ਕੋਲ ਪਾਸ ਹੁੰਦੇ ਹਨ ਉਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਹੈ। ਇਨ੍ਹਾਂ ਨਿਹੰਗਾਂ ਨੂੰ ਪਹਿਲਾ ਪੁਲਿਸ ਨੇ ਰੋਕ ਲਿਆ
ਪਰ ਕਿਸੇ ਤਰ੍ਹਾਂ ਭਾਰੀ ਭੀੜ ਹੋਣ ਕਾਰਨ ਪੁਲਿਸ ਤੋਂ ਬਚ ਕੇ ਇਹ ਨਿਹੰਗ ਸਿੰਘ ਅੰਦਰ ਐਂਟਰੀ ਕਰ ਗਏ।

ਜਦੋਂ ਪੁਲਿਸ ਨੇ ਅੰਦਰ ਜਾ ਕੇ ਰੋਕਿਆ ਤਾਂ ਇਨ੍ਹਾ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ ਅਤੇ ਜਿਸ ਨਾਲ ਐਸ ਐਚ ਓ ਬਿੱਕਰ ਸਿੰਘ, ਹਰਜੀਤ ਸਿੰਘ ਏ ਐਸ ਆਈ, ਸੁਖਵਿੰਦਰ ਸਿੰਘ ਅਤੇ ਰਾਜ ਕੁਮਾਰ ਜਖਮੀ ਹੋ ਗਏ। ਲੜਾਈ ਵਿਚ ਇਕ ਮੁਲਾਜ਼ਮ ਦਾ ਗੁੱਟ ਵੱਢਿਆ ਗਿਆ ਹੈ। ਘਟਨਾ ਦਾ ਪਤਾ ਲੱਗਣ ਉਪਰੰਤ ਸਨੌਰ ਮੰਡੀ ਵਿਚ ਭਾਰੀ ਪੁਲਿਸ ਫੋਰਸ ਭੇਜੀ ਗਈ ਅਤੇ ਹਾਲਾਤਾਂ ‘ਤੇ ਕਾਬੂ ਪਾਇਆ ਗਿਆ।