ਏਅਰ ਕੈਨੇਡਾ ਹੁਣ ਹਰ ਤਰਾਂ ਦੇ ਲਿੰਗ ਪਛਾਣ ਵਾਲਿਆਂ ਨੂੰ ਆਪਣੇ ਨਾਲ ਲੈ ਕੇ ਤੁਰਨ ਦੇ ਰੌਅ ਵਿਚ ਹੈ। ਇਸਦੀ ਹਵਾਈ ਜਹਾਜ਼ਾ ਵਿਚ ਆਮ ਤੌਰ ‘ਤੇ ਯਾਤਰੀਆਂ ਦਾ ਸਵਾਗਤ ਕਰਨ ਵੇਲੇ ਅਨਾਉਂਸਮੈਂਟ ਹੁੰਦੀ ਹੈ ‘ਲੇਡੀਜ਼ ਐਂਡ ਜੈਂਟਲਮੈਨ’ ਪਰ ਹੁਣ ਇਸਨੇ ਫੈਸਲਾ ਕੀਤਾ ਹੈ ਕਿ ਇਸਦੀ ਥਾਂ ‘ਸਵਾਗਤ ਹਰ ਕਿਸੇ ਦਾ’ ਦੀ ਅਨਾਉਂਸਮੈਂਟ ਕੀਤੀ ਜਾਇਆ ਕਰੇਗੀ।
ਕੰਪਨੀ ਦੇ ਬੁਲਾਰੇ ਨੇ ਸੀ ਟੀ ਵੀ ਨਿਊਜ਼ ਨੂੰ ਦੱਸਿਆ ਕਿ ਅਸੀਂ ਹਵਾਈ ਜਹਾਜ਼ ਦੇ ਅੰਦਰ ਮੁਸਾਫਰਾਂ ਲਈ ਕੀਤੇ ਜਾਂਦੇ ਐਲਾਨਾਂ ਦੀ ਤਰਤੀਬ ਵਿਚ ਸੋਧ ਕਰਨ ਜਾ ਰਹੇ ਹਾਂ ਤੇ ਇਹਨਾਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ ਤੇ ਵਿਸ਼ੇਸ਼ ਲਿੰਗ ਦਾ ਜ਼ਿਕਰ ਬੰਦ ਕੀਤਾ ਜਾਵੇਗਾ।
ਉਸਨੇ ਕਿਹਾ ਕਿ ਅਸੀਂ ਸਖਤ ਮਿਹਨਤ ਕਰ ਕੇ ਯਕੀਨੀ ਬਣਾਉਂਦੇ ਹਾਂ ਕਿ ਸਾਡੇ ਸਾਰੇ ਮੁਲਾਜ਼ਮ ਆਪਣੇ ਆਪ ਨੂੰ ਏਅਰ ਕੈਨੇਡਾ ਪਰਿਵਾਰ ਦਾ ਅਹਿਮ ਮੈਂਬਰ ਸਮਝਣ ਤੇ ਅਸੀਂ ਯਕੀਨੀ ਬਣਾਉਂਦੇ ਹਾਂ ਕਿ ਸਾਡੇ ਮੁਸਾਫਰ ਜਦੋਂ ਸਾਡੇ ਨਾਲ ਸਫਰ ਕਰਨ ਦੀ ਚੋਣ ਕਰਦੇ ਹਨ ਤਾਂ ਉਹ ਬਹੁਤ ਆਰਾਮਦੇਹ ਅਤੇ ਇੱਜ਼ਤ ਮਾਣ ਨਾਲ ਸਫਰ ਕਰਦੇ ਮਹਿਸੂਸ ਕਰਨ।
ਏਅਰ ਕੈਨੇਡਾ ਦੀ ਇਸ ਨਵੀਂ ਨੀਤੀ, ਜੋ ਕਿ ਬਿਨਾਂ ਸ਼ੱਕ ਪ੍ਰਗਤੀਸ਼ੀਲ ਹੈ, ਨੂੰ ਸੋਸ਼ਲ ਮੀਡੀਆ ‘ਤੇ ਰਲਵਾਂ ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਕਈ ਯੂਜ਼ਰ ਕੰਪਨੀ ਦੀ ਸ਼ਲਾਘਾ ਕਰਦਿਆਂ ਇਸਨੂੰ ਸਮੇਂ ਦੀ ਹਾਣੀ ਦੱਸ ਰਹੇ ਹਨ ਜੋ ਕਿ ਸਾਰੇ ਮੁਸਾਫਰਾਂ ਦਾ ਖਿਆਲ ਰੱਖਦੀ ਹੈ ਜਦਕਿ ਕਈ ਹੋਰ ਇਸ ਫੈਸਲੇ ਤੋਂ ਖੁਸ਼ ਨਹੀਂ ਜਾਪਦੇ।
ਗੁੱਸੇ ਵਿਚ ਆਏ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਬਿਲਕੁਲ ਹੀ ਬੇਤੁਕਾ ਫੈਸਲਾ ਹੈ..ਮੈਨੂੰ ਜਾਪਦਾ ਹੈ ਕਿ ਹੁਣ ਡਾਕਟਰ ਵੀ ਇਸੇ ਰਾਹ ਤੁਰਨ ਜਦੋਂ ਨਵਜੰਮੇ ਬੱਚੇ ਦਾ ਐਲਾਨ ਕਰਦੇ ਹਨ। ਉਸਨੇ ਲਿਖਿਆ ਹੈ ਕਿ ਉਹਨਾਂ ਦੀ ਮੈਂ ਸ਼ਲਾਘਾ ਕਰਦਾ ਹਾਂ ਪਰ ਜੋ ਆਪਣੇ ਆਪ ਨੂੰ ਇਸਤਰੀ ਜਾਂ ਪੁਰਸ਼ ਐਲਾਨਣ ‘ਤੇ ਮਾਣ ਨਹੀਂ ਕਰਦੇ ਪਰ ਸਾਡਾ ਵੀ ਖਿਆਲ ਰੱਖੋ ਜੋ ਕਿ ਆਪਣੀ ਲਿੰਗ ਸ਼ਨਾਖਤ ‘ਤੇ ਮਾਣ ਕਰਦੇ ਹਨ। ਕਈਆਂ ਨੇ ਤਾਂ ਇਹ ਵੀ ਆਖ ਦਿੱਤਾ ਹੈ ਕਿ ਉਹ ਇਸ ਤਬਦੀਲੀ ਮਗਰੋਂ ਏਅਰ ਕੈਨੇਡਾ ‘ਚ ਸਫਰ ਕਰਨਾ ਬੰਦ ਕਰ ਦੇਣਗੇ।