ਬਿਊਰੋ ਰਿਪੋਰਟ-

ਭਾਰਤ ਅਤੇ ਯੂ. ਕੇ. ਦਰਮਿਆਨ ਵੱਡੀ ਗਿਣਤੀ ਵਿਚ ਮੁਸਾਫ਼ਰਾਂ, ਖ਼ਾਸ ਤੌਰ ‘ਤੇ ਪੰਜਾਬੀਆਂ ਦੀ ਗਿਣਤੀ ਨੂੰ ਵੇਖਦਿਆਂ ਏਅਰ ਇੰਡੀਆ ਨੇ ਅੰਮ੍ਰਿਤਸਰ ਅਤੇ ਲੰਡਨ ਦਰਮਿਆਨ 31 ਅਕਤੂਬਰ ਤੋਂ ਸਿੱਧੀ ਫਲਾਈਟ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫਲਾਈਟ ਹਫ਼ਤੇ ਵਿਚ ਤਿੰਨ ਵਾਰ ਉਡਾਣ ਭਰੇਗੀ ਜਿਸ ਦਾ ਫ਼ਾਇਦਾ ਬਰਤਾਨੀਆ ਵਿਚ ਵੱਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਹੋਵੇਗਾ ਜੋ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਆਪੋ ਆਪਣੇ ਘਰਾਂ ਨੂੰ ਆ ਸਕਣਗੇ।
ਇਹ ਜਾਣਕਾਰੀ ਦਿੰਦਿਆਂ ਏਅਰ ਇੰਡੀਆ ਦੇ ਮਾਰਕੀਟਿੰਗ, ਪਲਾਨਿੰਗ ਐਂਡ ਕਾਰਪੋਰੇਟ ਅਫੇਅਰਜ਼ ਦੇ ਜਨਰਲ ਮੈਨੇਜਰ ਰਾਮ ਬਾਬੂ ਨੇ ਦੱਸਿਆ ਕਿ ਇਹ ਉਡਾਣਾਂ ਗੁਰਪੁਰਬ ਸਮਾਗਮਾਂ ਤੋਂ ਬਾਅਦ ਵੀ ਚਾਲੂ ਰਹਿਣਗੀਆਂ।

ਉਨ੍ਹਾਂ ਨੇ ਇਸ ਮੌਕੇ 27 ਅਕਤੂਬਰ ਤੋਂ ਅੰਮ੍ਰਿਤਸਰ ਅਤੇ ਪਟਨਾ ਵਿਚਾਲੇ ਹਫ਼ਤੇ ਵਿਚ ਚਾਰ ਵਾਰ ਸਿੱਧੀ ਫਲਾਈਟ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।
ਇਸ ਮੌਕੇ ਏਅਰ ਇੰਡੀਆ ਦੇ ਬੁਲਾਰੇ ਧਨੰਜੇ ਕੁਮਾਰ ਅਤੇ ਏਅਰ ਇੰਡੀਆ ਚੰਡੀਗੜ੍ਹ ਦੇ ਸਟੇਸ਼ਨ ਮੈਨੇਜਰ ਆਰ ਆਰ ਜਿੰਦਲ ਵੀ ਹਾਜ਼ਰ ਸਨ।
ਇਸ ਮੌਕੇ ਦਿੱਤੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਤੋਂ ਬਰਮਿੰਘਮ ਅਤੇ ਅੰਮ੍ਰਿਤਸਰ ਤੋਂ ਲੰਡਨ ਦਰਮਿਆਨ ਹਫ਼ਤੇ ਵਿਚ ਤਿੰਨ ਵਾਰ ਸਿੱਧੀ ਫਲਾਈਟ ਹੋਵੇਗੀ ਅਤੇ ਦੋਹਾਂ ਫਲਾਈਟਸ ਵਿਚ 768 ਸੀਟਾਂ ਪ੍ਰਤੀ ਹਫ਼ਤਾ ਹੋਣਗੀਆਂ। ਇਸ ਤੋਂ ਇਲਾਵਾ ਦਿੱਲੀ ਤੋਂ ਬਰਮਿੰਘਮ ਵਾਇਆ ਅੰਮ੍ਰਿਤਸਰ ਫਲਾਈਟ ਵੀ ਹਫ਼ਤੇ ਵਿਚ ਤਿੰਨ ਵਾਰ ਹੋਵੇਗੀ ਤੇ ਇਸ ਵਿਚ ਵੀ 768 ਸੀਟਾਂ ਹੋਣਗੀਆਂ।
ਕੌਮਾਂਤਰੀ ਉਡਾਣਾਂ ਤੋਂ ਇਲਾਵਾ ਅੰਮ੍ਰਿਤਸਰ ਤੋਂ ਦਿੱਲੀ ਹਫ਼ਤੇ ‘ਚ 24 ਉਡਾਣਾਂ, ਅੰਮ੍ਰਿਤਸਰ ਤੋਂ ਮੁੰਬਈ ਹਫ਼ਤੇ ‘ਚ 5 ਉਡਾਣਾਂ, ਅੰਮ੍ਰਿਤਸਰ ਤੋਂ ਸ੍ਰੀ ਨਾਂਦੇੜ ਸਾਹਿਬ ਤੱਕ ਹਫ਼ਤੇ ‘ਚ 2 ਉਡਾਣਾਂ ਅਤੇ ਅੰਮ੍ਰਿਤਸਰ ਤੋਂ ਪਟਨਾ ਹਫ਼ਤੇ ‘ਚ 4 ਉਡਾਣਾਂ ਹੋਣਗੀਆਂ।
ਸਰਦੀਆਂ ਦੇ ਜਾਰੀ ਕੀਤੇ ਪ੍ਰੋਗਰਾਮ ਅਨੁਸਾਰ ਟੋਰਾਂਟੋ ਤੋਂ ਦਿੱਲੀ ਫਲਾਈਟ ਹਫ਼ਤੇ ‘ਚ ਤਿੰਨ ਦਿਨ ਐਤਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਚੱਲੇਗੀ। ਇਹਨਾਂ ਦਿਨਾਂ ‘ਚ ਹੀ ਇਹ ਦਿੱਲੀ ਤੋਂ ਟੋਰਾਂਟੋ ਲਈ ਉਡਾਣ ਭਰੇਗੀ। ਦਿੱਲੀ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਦਿੱਲੀ ਰੋਜ਼ਾਨਾ ਫਲਾਈਟ ਹੋਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਏਅਰ ਇੰਡੀਆ ਦੀਆਂ ਉਡਾਣਾਂ ‘ਚ ਹੁਣ ਉੱਤਰ ਭਾਰਤੀ ਅਤੇ ਪੰਜਾਬੀ ਖਾਣੇ ਅਤੇ ਡਿਸ਼ਾਂ ਵੀ ਮਿਲਣਗੀਆਂ।