ਸੰਗਰੂਰ, 28 ਜੁਲਾਈ 2019 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਾਰਟੀ ਦੇ ਸੀਨੀਅਰ ਆਗੂ ਅਤੇ ਉੱਘੇ ਗੀਤਕਾਰ ਬਚਨ ਬੇਦਿਲ ‘ਤੇ ਸੰਗਰੂਰ ਪੁਲਸ ਵੱਲੋਂ ਦਰਜ ਕੀਤੇ ਮਾਮਲੇ ਨੂੰ ਝੂਠਾ ਅਤੇ ਸਿਆਸੀ ਬਦਲਾਖ਼ੋਰੀ ਤੋਂ ਪ੍ਰੇਰਿਤ ਦੱਸਿਆ ਹੈ।

ਜਾਰੀ ਬਿਆਨ ਰਾਹੀਂ ਪਾਰਟੀ ਨੇ ਬਚਨ ਬੇਦਿਲ ਦੇ ਹੱਕ ‘ਚ ਖੜਦਿਆਂ ਪੂਰੇ ਮਾਮਲੇ ਦੀ ਆਈ.ਜੀ. ਪੱਧਰ ਦੇ ਅਧਿਕਾਰੀ ਕੋਲੋਂ ਨਿਰਪੱਖ ਅਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਨੂੰਨ ਦੀ ਕਦਰ ਕਰਦੀ ਹੋਈ ਆਮ ਆਦਮੀ ਪਾਰਟੀ ਚੰਗੀ ਤਰ੍ਹਾਂ ਸਮਝਦੀ ਹੈ ਕਿ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੁੰਦਾ, ਪਰੰਤੂ ਲੋਕਾਂ ਵੱਲੋਂ ਰੱਦ ਕੀਤੇ ਜਾ ਚੁੱਕੇ ਸੱਤਾਧਾਰੀ ਧਿਰ ਦੇ ਕੁੱਝ ਹਲਕੀ ਕਿਸਮ ਦੇ ਆਗੂ ਹਮੇਸ਼ਾ ਇਸ ਤਾਕ ‘ਚ ਰਹਿੰਦੇ ਹਨ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਕਿਵੇਂ ਪਰੇਸ਼ਾਨ ਕੀਤਾ ਜਾਵੇ ਅਤੇ ਝੂਠੇ ਮਾਮਲਿਆਂ ‘ਚ ਫਸਾਇਆ ਜਾਵੇ।

ਚੀਮਾ ਨੇ ਕਿਹਾ ਕਿ ਬਚਨ ਬੇਦਿਲ ਨੂੰ ਕਤਲ ਦੇ ਝੂਠੇ ਕੇਸ ‘ਚ ਫਸਾਉਣ ਪਿੱਛੇ ‘ਆਪ’ ਨਾਲ ਸਿਆਸੀ ਰੰਜਸ਼ ਮੁੱਖ ਕਾਰਨ ਹੈ। ਇਸ ਲਈ ਜੇਕਰ ਪੁਲਸ ਨੇ ਬਚਨ ਬੇਦਿਲ ‘ਤੇ ਦਰਜ ਪਰਚਾ ਰੱਦ ਨਾ ਕੀਤਾ ਜਾਂ ਪਰਚੇ ‘ਚੋਂ ਬਚਨ ਬੇਦਿਲ ਦਾ ਨਾਮ ਨਾਂ ਕੱਢਿਆ ਤਾਂ ਆਮ ਆਦਮੀ ਪਾਰਟੀ ਐਸ.ਐਸ.ਪੀ ਸੰਗਰੂਰ  ਦਾ ਘਿਰਾਓ ਕਰੇਗੀ ਅਤੇ ਪੁਲਸ ਨੂੰ ਕਾਨੂੰਨ ਹੱਥ ‘ਚ ਲੈਣ ਦੀ ਇਜਾਜ਼ਤ ਨਹੀਂ ਦੇਵੇਗੀ।