ਬਿਊਰੋ ਰਿਪੋਰਟ –

ਗੁਰੂ ਰਵੀਦਾਸ ਸੰਤ ਸਮਾਜ ਨੇ ਅੱਜ ਤੁਗਲਕਾਬਾਦ ਵਿਖੇ ਗੁਰੂ ਰਵੀਦਾਸ ਮੰਦਿਰ ਦੀ ਉਸੇ ਜਗ੍ਹਾ ਉੱਤੇ ਮੁੜ ਉਸਾਰੀ, ਜਿੱਥੋਂ ਇਹ ਢਾਹਿਆ ਗਿਆ ਸੀ ਲਈ ਸ਼੍ਰੋਮਣੀ ਅਕਾਲੀ ਦਲ ਦੁਆਰਾ ਕੀਤੇ ਜਾ ਰਹੇ ਗੰਭੀਰ ਯਤਨਾਂ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਸੰਬੰਧੀ ਜਲਦੀ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਵੱਲੋਂ ਸੁਪਰੀਮ ਕੋਰਟ ਅੱਗੇ ਪਟੀਸ਼ਨ ਪਾਈ ਜਾ ਰਹੀ ਹੈ।
ਅੱਜ ਦਿੱਲੀ ਵਿਖੇ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮਿਲੇ ਸੰਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਹੁਣ ਸਮੁੱਚੇ ਸੰਤ ਸਮਾਜ ਨੂੰ ਉਮੀਦ ਹੈ ਕਿ ਇਸ ਮਸਲੇ ਦਾ ਭਾਈਚਾਰੇ ਦੀ ਤਸੱਲੀ ਮੁਤਾਬਿਕ ਹੱਲ ਕੱਢ ਲਿਆ ਜਾਵੇਗਾ।
ਸੰਤ ਸਮਾਜ ਦੇ ਆਗੂਆਂ ਸਾਧੂ ਸੰਪਰਦਾ ਸੁਸਾਇਟੀ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਅਤੇ ਡੇਰਾ ਸੱਚਖੰਡ ਬੱਲਾਂ (ਜਲੰਧਰ) ਦੇ ਸੰਤ ਮਨਦੀਪ ਦਾਸ ਨੇ ਕਿਹਾ ਕਿ ਇਸ ਕੇਸ ਦੀ ਕੱਲ੍ਹ ਨੂੰ ਹੋਣ ਵਾਲੀ ਅਗਲੀ ਸੁਣਵਾਈ ਦੀ ਤਾਰੀਖ ਬਦਲ ਕੇ 30 ਸਤੰਬਰ ਕਰ ਦਿੱਤੀ ਗਈ ਹੈ, ਕਿਉਂਕਿ ਛੁੱਟੀਆਂ ਕਰਕੇ ਜੱਜਾਂ ਦੀ ਡਿਊਟੀ ਬਦਲ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਡੀਡੀਏ ਹੁਣ 30 ਸਤੰਬਰ ਨੂੰ ਸੁਪਰੀਮ ਕੋਰਟ ਵਿਚ ਇੱਕ ਨਵੀਂ ਨਜ਼ਰਸਾਨੀ ਅਪੀਲ ਦਾਇਰ ਕਰੇਗੀ ਕਿ ਗੁਰੂ ਰਵੀਦਾਸ ਮੰਦਿਰ ਤੁਗਲਕਾਬਾਦ ਵਿਖੇ ਉਸੇ ਪੁਰਾਣੀ ਜਗ੍ਹਾ ਉੱਤੇ ਹੀ ਬਣਾਇਆ ਜਾਵੇ।
ਸੰਤ ਟਹਿਲ ਨਾਥ ਅਤੇ ਸੰਤ ਬਲਰਾਜ ਰਾਏ ਸਮੇਤ ਸੰਤ ਸਮਾਜ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਇਸ ਮਸਲੇ ਦਾ ਰਵੀਦਾਸੀਆ ਭਾਈਚਾਰੇ ਦੀ ਤਸੱਲੀ ਮੁਤਾਬਿਕ ਹੱਲ ਕਢਾਉਣ ਲਈ ਲਗਾਤਾਰ ਯਤਨ ਕਰਦਾ ਰਹੇਗਾ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਅਸੀਂ ਇਹ ਮਸਲਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਕੋਲ ਵੀ ਉਠਾਵਾਂਗੇ। ਉਹਨਾਂ ਕਿਹਾ ਕਿ ਇਹ ਸਾਡਾ ਫਰਜ਼ ਹੈ।ਗੁਰੂ ਰਵੀਦਾਸ ਜੀ ਨੂੰ ਸਮੁੱਚੀ ਸਿੱਖ ਸੰਗਤ ਵੱਲੋਂ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਜਾਂਦਾ ਹੈ, ਕਿਉਂਕਿ ਉਹਨਾਂ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਦਰਜ ਹਨ।
ਇਸ ਮੁੱਦੇ ਉੱਤੇ ਅਕਾਲੀ ਦਲ ਵੱਲੋਂ ਕੀਤੇ ਗਏ ਯਤਨਾਂ ਬਾਰੇ ਦੱਸਦਿਆਂ ਸੀਨੀਅਰ ਅਕਾਲੀ ਆਗੂ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਇਸ ਸੰਬੰਧੀ ਅਕਾਲੀ ਦਲ ਪ੍ਰਧਾਨ ਪਹਿਲਾਂ ਦਿੱਲੀ ਦੇ ਲੈਫਟੀਨੈਟ ਗਵਰਨਰ ਨੂੰ ਮਿਲੇ ਸਨ ਅਤੇ ਉਸ ਤੋਂ ਬਾਅਦ ਉਹਨਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਸਮੇਤ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਗ੍ਰਹਿ ਮੰਤਰੀ ਨੇ ਇਸ ਮਸਲੇ ਦੇ ਹੱਲ ਲਈ ਸਾਂਸਦ ਭੁਪਿੰਦਰ ਯਾਦਵ ਦੀ ਅਗਵਾਈ ਵਿਚ ਇਕ ਟੀਮ ਬਣਾ ਦਿੱਤੀ ਸੀ ਅਤੇ ਸ੍ਰੀ ਯਾਦਵ ਸੰਤ ਸਮਾਜ ਅਤੇ ਅਕਾਲੀ-ਭਾਜਪਾ ਦੇ ਨੁੰਮਾਇਦਿਆਂ ਨਾਲ ਦੋ ਮੀਟਿੰਗਾਂ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਸਾਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਡੀਡੀਏ ਨੇ ਮੰਦਿਰ ਦੀ ਉਸੇ ਜਗ੍ਹਾ ਉੱਤੇ ਉਸਾਰੀ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਇੱਕ ਨਜ਼ਰਸਾਨੀ ਪਟੀਸ਼ਨ ਪਾਉਣ ਵਾਸਤੇ ਇੱਕ ਪ੍ਰਸਤਾਵ ਤਿਆਰ ਕਰ ਲਿਆ ਹੈ। ਸਾਨੂੰ ਉਮੀਦ ਹੈ ਕਿ ਇਹ ਪਟੀਸ਼ਨ ਹੁਣ 30 ਸਤੰਬਰ ਨੂੰ ਪਾਈ ਜਾਵੇਗੀ। ਹੁਣ ਸਾਰੇ ਰਵੀਦਾਸ ਭਾਈਚਾਰੇ ਨੂੰ ਉਮੀਦ ਹੈ ਕਿ ਇਸ ਮਸਲਾ ਦਾ ਸਾਂਤਮਈ ਹੱਲ ਕੱਢ ਲਿਆ ਜਾਵੇਗਾ।
ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਅਤੇ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਅਤੇ ਬਲਦੇਵ ਖਾਰਾ ਵੀ ਮੌਜੂਦ ਸਨ।