* ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੀ.ਐੱਫ.ਆਰ.ਡੀ.ਏ.ਵਿੱਚ ਜਮਾਂ ਧਨ
ਸਰਕਾਰ ਕੋਵਿੱਡ- 19 ਨਾਲ਼ ਨਜਿੱਠਣ ਲਈ ਵਰਤੇ

ਫ਼ਗਵਾੜਾ(ਡਾ ਰਮਨ )
ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਰਾਸ਼ਟਰੀ ਪੁਰਾਣੀ ਪੈਨਸ਼ਨ ਸੰਯੁਕਤ ਮੋਰਚਾ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਅਨੁਸਾਰ ਅੱਜ ਪੂਰੇ ਭਾਰਤ ਵਿੱਚ 60 ਲੱਖ ਅਤੇ ਪੰਜਾਬ ਦੇ 2 ਲੱਖ ਮੁਲਾਜ਼ਮ ਦੇਸ਼ ਭਰ ਵਿੱਚ ਇੱਕ ਇੱਕ ਰੁੱਖ ਲਗਾ ਕੇ, ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਲਈ ਆਪਣੇ- ਆਪਣੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਨੂੰ ਪੈਨਸ਼ਨ ਬਹਾਲ ਕਰਨ ਲਈ ਬੇਨਤੀ ਪੱਤਰ ਈ-ਮੇਲ ਕਰ ਰਹੇ ਹਨ ।ਇਸ ਸੰਘਰਸ਼ ਦੀ ਹਿਮਾਇਤ ਕਰਦਿਆਂ ਹੋਇਆਂ ਅੱਜ ਪੰਜਾਬ ਪੈਨਸ਼ਨਰ ਵੈੱਲਫੇਅਰ ਅਸੋਸੀਏਸ਼ਨ ਦੇ ਸਾਥੀਆਂ ਨੇ ਫ਼ਗਵਾੜਾ ਦੇ ਮੁਹੱਲਾ ਉਂਕਾਰ ਨਗਰ ਵਿਖੇ ਕਰੋਨਾ ਮਹਾਂ ਮਾਰੀ ਤੋਂ ਬਚਾਅ ਲਈ ਜਾਰੀ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਇੱਕ ਛਾਂਦਾਰ ਰੁੱਖ ਲਗਾ ਕੇ ਉਸਨੂੰ ਪਾਲ਼ ਕੇ ਵੱਡਾ ਕਰਨ ਦਾ ਪ੍ਰਣ ਕੀਤਾ ।ਇਸ ਸਮੇਂ ਸਾਥੀ ਕੁਲਦੀਪ ਸਿੰਘ ਕੌੜਾ ਨੇ ਕਿਹਾ ਕਿ ਜਿਵੇਂ ਜਿਊਂਦੇ ਰਹਿਣ ਲਈ ਸ਼ੁੱਧ ਹਵਾ ਅਤੇ ਆਕਸੀਜਨ ਦੀ ਜ਼ਰੂਰਤ ਹੈ, ਠੀਕ ਉਵੇਂ ਹੀ ਮੁਲਾਜ਼ਮਾਂ ਲਈ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਵੀ ਅਤਿ ਜ਼ਰੂਰੀ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਅਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਮਹਾਂ ਮਾਰੀ ਨਾਲ਼ ਬਿਨਾ ਪੂਰੀਆਂ ਸਹੂਲਤਾਂ ਤੋਂ ਮੋਹਰਲੀਆਂ ਸਫਾਂ ਵਿੱਚ ਲੜ ਰਹੇ ਮੁਲਾਜ਼ਮਾਂ ਨੂੰ ਫੁੱਲਾਂ ਦੀ ਵਰਖਾ ਜਾਂ ਤਾਲੀਆਂ ਦੀ ਜ਼ਰੂਰਤ ਨਹੀਂ ਹੈ। ਉਹਨਾਂ ਦਾ ਸੱਚੇ ਦਿਲੋਂ ਹੌਸਲਾ ਵਧਾਉਣ ਲਈ ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਕੇ ਭਵਿੱਖ ਦੇ ਬੁਢਾਪੇ ਨੂੰ ਸੁਰੱਖਿਅਤ ਕਰੋ ਜੀ ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਸਵਰਗੀ ਪ੍ਰਧਾਨ ਮੰਤਰੀ ਸ਼੍ਰੀ ਅਟੱਲ ਬਿਹਾਰੀ ਵਾਜਪਾਈ ਜੀ ਦੀ ਕੇਂਦਰੀ ਸਰਕਾਰ ਨੇ 01/01/2004 ਤੋਂ ਬਾਅਦ ਨਿਯੁਕਤ ਹੋਣ ਵਾਲੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ, ਨਵੀਂ ਪੈਨਸ਼ਨ ਸਕੀਮ( NPS)ਸ਼ੁਰੂ ਕਰ ਦਿੱਤੀ ਸੀ।ਜੋ ਸਿਰਫ ਤੇ ਸਿਰਫ ਸ਼ੇਅਰ ਬਾਜ਼ਾਰ ਤੇ ਆਧਾਰਿਤ ਹੈ।ਜਿਸ ਦੇ ਆਏ ਨਤੀਜਿਆਂ ਤੋਂ ਪਤਾ ਲੱਗ ਕਿ ਇਸ ਸਕੀਮ ਅਧੀਨ ਸੇਵਾ ਮੁਕਤ ਹੋਣ ਵਾਲੇ ਮੁਲਾਜ਼ਮ ਨੂੰ ਬਹੁਤ ਹੀ ਮਾਮੂਲੀ ਜਿਹੀ ਪੈਨਸ਼ਨ ਮਿਲਦੀ ਹੈ।ਜਿਸ ਨਾਲ ਮੁਲਾਜ਼ਮਾਂ ਦਾ ਬੁਢਾਪਾ ਅਸੁਰੱਖਿਅਤ ਹੋ ਗਿਆ ਹੈ। ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕਰਨ ਵਾਲੇ ਸ਼੍ਰੀ ਅਟੱਲ ਬਿਹਾਰੀ ਵਾਜਪਾਈ ਜੀ ਜਦੋਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਗਏ, ਉਸ ਸਮੇਂ ਉਹ ਆਪ ਪੁਰਾਣੀ ਪੈਨਸ਼ਨ ਸਕੀਮ ਦੇ ਅਧੀਨ ਹੀ 9 ਪੈਨਸ਼ਨਾਂ ਲੈ ਰਹੇ ਸਨ।ਨਵੀਂ ਪੈਨਸ਼ਨ ਸਕੀਮ ਲਾਗੂ ਕਰਕੇ ਸਮੁੱਚੇ ਦੇਸ਼ ਦੇ ਮੁਲਾਜ਼ਮਾਂ ਵੱਡਾ ਧਰੋਹ ਅਤੇ ਧੋਖਾ ਕੀਤਾ ਗਿਆ ਸੀ। ਜੇਕਰ ਕੇਂਦਰ/ ਰਾਜ ਸਰਕਾਰ 2004 ਤੋਂ ਬਾਅਦ ਵਾਲੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਦੀ ਹੈ ਤਾਂ ਜਿੱਥੇ ਮੁਲਾਜ਼ਮਾਂ ਨੂੰ ਲਾਭ ਹੋਵੇਗਾ, ਉੱਥੇ ਨਾਲ਼ ਹੀ ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਮੁਲਾਜ਼ਮਾਂ ਦਾ ਪੀ.ਐੱਫ.ਆਰ.ਡੀ.ਏ.ਵਿੱਚ ਜਮਾਂ ਧਨ ਨੂੰ ਕਵਿੱਡ-19 ਕਾਰਨ ਆਏ ਆਰਥਿਕ ਸੰਕਟ ਨੂੰ ਹੱਲ ਕਰਨ ਲਈ ਖੁੱਲ੍ਹ ਦਿਲੀ ਨਾਲ਼ ਵਰਤ ਸਕਦੀ ਹੈ।ਅੱਜ ਸਮੁੱਚੇ ਪੰਜਾਬ ਦੇ ਮੁਲਾਜ਼ਮ ਇੱਕ-ਇੱਕ ਰੁੱਖ ਲਗਾ ਕੇ ਅਤੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਪੱਤਰ ਈ-ਮੇਲ ਕਰਕੇ ਮੰਗ ਕਰ ਰਹੇ ਹਨ ਕਿ ਨਵੀਂ ਪੈਨਸ਼ਨ ਸਕੀਮ ਤੁਰੰਤ ਬੰਦ ਕਰਕੇ, ਪੁਰਾਣੀ ਪੈਨਸ਼ਨ ਬਹਾਲ ਕਰਕੇ ਸਮੁੱਚੇ ਮੁਲਾਜ਼ਮਾਂ ਤੇ ਤੁਰੰਤ ਲਾਗੂ ਕੀਤੀ ਜਾਵੇ ਜੀ ਤਾਂ ਜੋ ਮੁਲਾਜ਼ਮਾਂ ਦਾ ਸੇਵਾ ਮੁਕਤੀ ਉਪਰੰਤ ਬੁਢਾਪਾ ਸੁਰੱਖਿਅਤ ਹੋ ਸਕੇ, ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਲੈ ਕੇ ਲਾਗੂ ਕੀਤੀ ਜਾਵੇ, ਡੀ.ਏ.ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਪਿਛਲਾ ਰਹਿੰਦਾ ਬਕਾਇਆ ਤੁਰੰਤ ਦਿੱਤਾ ਜਾਵੇ, ਵਿਕਾਸ ਟੈਕਸ ਦੇ ਨਾਂ ਤੇ 2400/–ਰੁਪਏ ਸਲਾਨਾ ਦਾ ਲਿਆ ਜਾਂਦਾ ਜ਼ਬਰੀ ਜਜੀਆ ਤੁਰੰਤ ਬੰਦ ਕੀਤਾ ਜਾਵੇ, ਵੱਖ-ਵੱਖ ਸਕੀਮਾਂ ਵਿੱਚ ਕੰਮ ਕਰਦੇ ਠੇਕਾ ਪ੍ਰਣਾਲੀ ਮੁਲਾਜ਼ਮਾਂ ਨੂੰ ਤੁਰੰਤ ਪੂਰੇ ਗਰੇਡਾਂ ਵਿੱਚ ਰੈਗੂਲਰ ਕੀਤਾ ਜਾਵੇ।ਇਸ ਸਮੇਂ ਕੁਲਦੀਪ ਸਿੰਘ ਕੌੜਾ, ਸੀਤਲ ਰਾਮ ਬੰਗਾ, ਸੁਰਜੀਤ ਸਿੰਘ ਮਿਨਹਾਸ, ਬਲਵੀਰ ਚੰਦ, ਤਰਸੇਮ ਲਾਲ, ਹਰਭਜਨ ਲਾਲ, ਦਲਜੀਤ ਸਿੰਘ, ਰਾਕੇਸ਼ ਕੁਮਾਰ, ਅਜੇ ਕੌਸ਼ਲ, ਸ਼ੁਭਮ, ਅਵਤਾਰ ਕੌਰ, ਬਲਵਿੰਦਰ ਕੌਰ, ਜਸਵੀਰ ਕੌਰ ਰਾਣੀ
ਆਦਿ ਹਾਜ਼ਰ ਹੋਏ ।