ਸਾਹਬੀ ਦਾਸੀਕੇ ਸ਼ਾਹਕੋਟੀ ਜਗਦੀਪ ਬਾਊ

ਸ਼ਾਹਕੋਟ ਦੇ ਨਜ਼ਦੀਕ ਪਿੰਡ ਅਕਬਰਪੁਰ ਖੁਰਦ ਦੇ ਪੰਜ ਪਾਜੀਟਿਵ ਮਰੀਜਾਂ ਵਿੱਚੋਂ ਇੱਕ ਨੌ ਮਹੀਨੇ ਦਾ ਬੱਚਾ ਵੀ ਹੈ; ਮਹਿਤਪੁਰ ਥਾਣੇ ਵਿੱਚ ਤੈਨਾਤ ਪਿਤਾ-ਪੁੱਤਰ ਦੇ ਪਰਿਵਾਰ ਤੋਂ ਹਨ ਪਾਜੀਟਿਵ ਆਏ ਮਰੀਜ; ਪਛਾੜੀਆਂ ਅਤੇ ਮਲਸੀਆਂ ਦੇ ਵੀ ਇੱਕ-ਇੱਕ ਲੋਕ ਪਾਜੀਟਿਵ ਆਏ

ਸ਼ਾਹਕੋਟ (14-07-2020): ਮਹਿਤਪੁਰ ਥਾਣੇ ‘ਚ ਤੈਨਾਤ ਪਿਤਾ-ਪੁੱਤਰ ਦੇ ਪਾਜੀਟਿਵ ਆਉਣ ਤੋਂ ਬਾਅਦ ਮੰਗਲਵਾਰ ਨੂੰ ਉਨ੍ਹਾਂ ਦੇ ਹੀ ਪਰਿਵਾਰ ਦੇ ਪੰਜ ਹੋਰ ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜੀਟਿਵ ਆ ਗਈ। ਇਨ੍ਹਾਂ ਵਿੱਚ ਇੱਕ ਨੌ ਮਹੀਨੇ ਦਾ ਬੱਚਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਨੇੜਲੇ ਪਿੰਡ ਪਛਾੜੀਆਂ ਦਾ ਇੱਕ ਵਿਅਕਤੀ ਅਤੇ ਮਲਸੀਆਂ ਦਾ ਇੱਕ ਪ੍ਰਵਾਸੀ ਵੀ ਕੋਰੋਨਾ ਪਾਜੀਟਿਵ ਆਇਆ ਹੈ। ਸਾਰਿਆਂ ਨੂੰ ਮੈਰੀਟੋਰਿਅਸ ਸਕੂਲ ਸ਼ਿਫਟ ਕੀਤਾ ਗਿਆ ਹੈ। ਦੂਜੇ ਪਾਸੇ ਜਵਾਹਰ ਨਵੋਦਿਆ ਵਿਦਿਆਲਿਆ, ਤਲਵੰਡੀ ਮਾਧੋ ਵਿਖੇ ਇਕਾਂਤਵਾਸ ਕੀਤੇ ਗਏ ਦੋ ਲੋਕਾਂ ਵਿੱਚ ਵੀ ਕੋਰੋਨਾ ਵਾਇਰਸ ਦੀ ਤਸਦੀਕ ਹੋਈ ਹੈ।

ਸੀ ਐਚ ਸੀ ਸ਼ਾਹਕੋਟ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਬਲਾਕ ਦੇ ਸੱਤ ਅਤੇ ਇਕਾਂਤਵਾਸ ਕੇਂਦਰ ਜੇਐਨਵੀ ਵਿਖੇ ਰੱਖੇ ਗਏ ਲੋਕਾਂ ਵਿੱਚੋਂ ਦੋ ਦੀ ਰਿਪੋਰਟ ਪਾਜੀਟਿਵ ਆਉਣ ਦੀ ਤਸਦੀਕ ਕਰਦੇ ਹੋਏ ਕਿਹਾ ਕਿ ਅਕਬਰਪੁਰ ਖੁਰਦ ਨਿਵਾਸੀ ਪਿਤਾ-ਪੁੱਤਰ ਮਹਿਤਪੁਰ ਥਾਣੇ ਵਿੱਚ ਤੈਨਾਤ ਹਨ ਅਤੇ ਬੀਤੇ ਦਿਨੀ ਉਨ੍ਹਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜੀਟਿਵ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ 17 ਲੋਕਾਂ ਦਾ ਸੈਂਪਲ ਲਿਆ ਗਿਆ ਸੀ। ਇਨ੍ਹਾਂ ਵਿੱਚੋਂ ਪੰਜ ਲੋਕਾਂ ਦੀ ਰਿਪੋਰਟ ਪਾਜੀਟਿਵ ਆਈ ਹੈ, ਜਿਨ੍ਹਾਂ ਵਿੱਚ ਨੌ ਮਹੀਨੇ ਦਾ ਬੱਚਾ ਵੀ ਹੈ। ਬੱਚੇ ਦੀ ਮਾਂ ਦੀ ਰਿਪੋਰਟ ਨੈਗੇਟਿਵ ਹੈ, ਲੇਕਿਨ ਉਸਨੂੰ ਵੀ ਬੱਚੇ ਦੇ ਨਾਲ ਹੀ ਜਲੰਧਰ ਸ਼ਿਫਟ ਕੀਤਾ ਗਿਆ ਹੈ, ਤਾਂ ਜੋ ਬੱਚੇ ਦੀ ਦੇਖਭਾਲ ਹੋ ਸਕੇ। ਦੂਜੇ ਪਾਸੇ ਪਛਾੜੀਆ ਅਤੇ ਮਲਸੀਆਂ ਨਿਵਾਸੀ ਵਿਅਕਤੀਆਂ ਦੇ ਕੋਰੋਨਾ ਟੈਸਟ ਪੂਲ ਸੈਂਪਲਿੰਗ ਦਰਮਿਆਨ ਹੋਏ ਸਨ।
ਬੀਈਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਵਿਦੇਸ਼ ਤੋਂ ਆਏ ਲੋਕਾਂ ਦਾ ਟੈਸਟ ਐਤਵਾਰ ਨੂੰ ਹੋਇਆ ਸੀ। ਉਨ੍ਹਾਂ ਵਿੱਚੋਂ ਦੋ ਲੋਕਾਂ ਦੀ ਰਿਪੋਰਟ ਪਾਜੀਟਿਵ ਆਈ ਹੈ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਕਰਤਾਰਪੁਰ ਦਾ ਰਹਿਣ ਵਾਲਾ ਹੈ ਅਤੇ ਦੁਬਈ ਤੋਂ ਆਇਆ ਸੀ, ਜਦਕਿ ਦੂਜਾ ਵਿਅਕਤੀ ਲੰਮਾ ਪਿੰਡ ਇਲਾਕੇ ਦਾ ਵਾਸੀ ਹੈ। ਉਨ੍ਹਾਂ ਦੱਸਿਆ ਕਿ ਮਹਿਤਪੁਰ ਥਾਣੇ ‘ਚ ਪਾਜੀਟਿਵ ਆਏ ਮੁਲਾਜਮਾਂ ਵਿੱਚੋਂ ਇੱਕ ਨਾਰੰਗਪੁਰ ਹੰਸੀ ਦਾ ਰਹਿਣ ਵਾਲਾ ਹੈ। ਉਸਦੇ ਵੀ ਪਰਿਵਾਰ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ ਅਤੇ ਪਿੰਡ ਵਿੱਚ ਸਰਵੇ ਜਾਰੀ ਹੈ। ਬੁੱਧਵਾਰ ਨੂੰ ਅਕਬਰਪੁਰ ਖੁਰਦ, ਪਛਾੜੀਆਂ, ਮਲਸੀਆਂ ਅਤੇ ਨਰੰਗਪੁਰ ਹੰਸੀ ਵਿਖੇ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਵੀਰਵਾਰ ਨੂੰ ਇਨ੍ਹਾਂ ਸਥਾਨਾਂ ਤੇ ਕੈਂਪ ਲਗਾ ਕੇ ਸੈਂਪਲ ਲਏ ਜਾਣਗੇ।