* ਬੱਚੇ ਦੇ ਸਹੀ ਸਰੀਰਕ ਵਿਕਾਸ ਲਈ ਅੰਮ੍ਰਿਤ ਹੈ ਮਾਂ ਦਾ ਦੁੱਧ – ਡਾ. ਦਵਿੰਦਰ ਕੌਰ
* ਮਾਂ ਦੇ ਦੁੱਧ ਨਾਲ ਨਹੀਂ ਰਹਿੰਦੀ ਸਰੀਰ ਵਿਚ ਪਾਣੀ ਦੀ ਕਮੀ – ਡਾ. ਸੀਮਾ ਰਾਜਨ
ਫਗਵਾੜਾ (ਡਾ ਰਮਨ ) ਇਨਰਵੀਲ੍ਹ ਕਲੱਬ ਫਗਵਾੜਾ ਵਲੋਂ ਕਲੱਬ ਪ੍ਰਧਾਨ ਸ੍ਰੀਮਤੀ ਨਵੀਤਾ ਛਾਬੜਾ ਦੀ ਅਗਵਾਈ ਹੇਠ ਔਰਤਾਂ ਨੂੰ ਨਵਜੱਮੇ ਬੱਚੇ ਲਈ ਮਾਂ ਦੇ ਦੁੱਧ ਦਾ ਮਹੱਤਵ ਸਮਝਾਉਣ ਸਬੰਧੀ ਪ੍ਰੋਜੈਕਟ ਤਹਿਤ ਸਥਾਨਕ ਜੀ.ਬੀ. ਹਸਪਤਾਲ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਲੇਡੀ ਡਾ. ਦਵਿੰਦਰ ਕੌਰ ਅਤੇ ਹੋਮਿਓਪੈਥੀ ਮਾਹਿਰ ਡਾ. ਸੀਮਾ ਰਾਜਨ ਜੋ ਕਿ ਕਲੱਬ ਦੇ ਐਡੀਟਰ ਵੀ ਹਨ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਨਵਜੱਮੇ ਬੱਚੇ ਲਈ ਪਹਿਲੇ ਛੇ ਮਹੀਨੇ ਮਾਂ ਦਾ ਦੁੱਧ ਬਹੁੱਤ ਮਹੱਤਵ ਰੱਖਦਾ ਹੈ। ਮਾਂ ਦੇ ਦੁੱਧ ਵਿਚ ਸਾਰੇ ਹੀ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਇਸ ਲਈ ਜਨਮ ਤੋਂ ਬਾਅਦ ਪਹਿਲੇ ਛੇ ਮਹੀਨੇ ਪਾਣੀ ਪਿਲਾਉਣਾ ਵੀ ਸਿਹਤ ਦੇ ਲਿਹਾਜ ਨਾਲ ਚੰਗਾ ਨਹੀਂ ਹੈ ਕਿਉਂਕਿ ਮਾਂ ਦੇ ਦੁੱਧ ਨਾਲ ਬੱਚੇ ਦੇ ਸ਼ਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ। ਬੱਚਿਆਂ ਨੁੰ ਜਨਮ ਸਮੇਂ ਘੁੱਟੀ ਦੇਣ ਜਾਂ ਸ਼ਹਿਦ ਆਦਿ ਚਟਾਉਣ ਤੋਂ ਵੀ ਪਰਹੇਜ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਦੁੱਧ 15 ਤੋਂ 20 ਮਿਨਟ ਤਕ ਪਿਲਾਇਆ ਜਾ ਸਕਦਾ ਹੈ। ਇਕ ਪਾਸੇ ਦਾ ਦੁੱਧ ਖਤਮ ਹੋ ਜਾਣ ਤੋਂ ਬਾਅਦ ਦੂਸਰੇ ਪਾਸਿਉਂ ਦੁੱਧ ਪਿਲਾਉਣਾ ਚਾਹੀਦਾ ਹੈ। ਬੋਤਲ ਦਾ ਇਸਤੇਮਾਲ ਕਰਨ ਨਾਲ ਬੱਚੇ ਵਿਚ ਮਾਂ ਦੇ ਦੁੱਧ ਪ੍ਰਤੀ ਝੁਕਾਅ ਘੱਟਦਾ ਹੈ। ਜਿਸ ਨਾਲ ਬਿਮਾਰੀ ਦਾ ਵੀ ਖਤਰਾ ਰਹਿੰਦਾ ਹੈ। ਮਾਂ ਦਾ ਦੁੱਧ ਬੱਚੇ ਨੂੰ ਬਾਹਰੀ ਇਨਫੈਕਸ਼ਨ, ਡਾਇਰੀਆ ਆਦਿ ਤੋਂ ਵੀ ਸੁਰੱਖਿਤ ਰੱਖਦਾ ਹੈ ਤੇ ਉਸਦਾ ਸਹੀ ਵਿਕਾਸ ਸੰਭਵ ਹੁੰਦਾ ਹੈ। ਇਸ ਦੌਰਾਨ ਨਵਜੱਮੇ ਬੱਚੇ ਦੀ ਸਾਂਭ ਸੰਭਾਲ ਬਾਰੇ ਵੀ ਜਾਗਰੁਕ ਕੀਤਾ ਗਿਆ। ਡਾ. ਸੀਮਾ ਰਾਜਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ 1 ਤੋਂ 7 ਅਗਸਤ ਤੱਕ ਦੁਨੀਆ ਭਰ ਵਿਚ ਮਾਂ ਦੇ ਦੁੱਧ ਦੇ ਮਹੱਤਵ ਬਾਰੇ ਜਾਗਰੁਕ ਕੀਤਾ ਜਾਂਦਾ ਹੈ। ਉਹਨਾਂ ਦੀ ਸੰਸਥਾ ਨੇ ਇਸ ਹਫਤੇ ਦੌਰਾਨ ਵੱਖ-ਵੱਖ ਸਿਹਤ ਕੇਂਦਰਾਂ ਵਿਖੇ ਸੈਮੀਨਾਰ ਆਯੋਜਿਤ ਕਰਕੇ ਔਰਤਾਂ ਨੂੰ ਜਾਗਰੁਕ ਕੀਤਾ ਹੈ। ਇਸ ਲੜੀ ਤਹਿਤ ਅਖੀਰਲੇ ਦਿਨ ਜੀ.ਬੀ. ਹਸਪਤਾਲ ਵਿਖੇ ਸੈਮੀਨਾਰ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਕੋਵਿਡ-19 ਮਹਾਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਆਨਲਾਈਨ ਤਰੀਕੇ ਨਾਲ ਵੀ ਜੱਚਾ-ਬੱਚਾ ਸਬੰਧੀ ਜਾਗਰੁਕਤਾ ਮੁਹਿਮ ਚਲਾਈ ਗਈ। ਜਿਸ ਵਿਚ ਡਾ. ਰੇਨੂੰ ਅਤੇ ਡਾ. ਮੋਨਿਕਾ ਦਾ ਵਢਮੁੱਲਾ ਯੋਗਦਾਨ ਮਿਲਿਆ।