* ਕਿਸਾਨਾਂ ਦੇ ਸੰਘਰਸ਼ ‘ਚ ਨਾਲ ਖੜੀ ਹੈ ਇਪਟਾ – ਇੰਦਰਜੀਤ ਰੂਪੋਵਾਲ
ਫਗਵਾੜਾ (ਡਾ ਰਮਨ ) ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਫਗਵਾੜਾ ਸ਼ਾਖਾ ਦੀ ਇਕ ਮੀਟਿੰਗ ਰੈਸਟ ਹਾਉਸ ਫਗਵਾੜਾ ਵਿਖੇ ਰੀਤ ਪ੍ਰਤੀ ਪਾਲ ਸਿੰਘ ਅਤੇ ਰਜਿੰਦਰ ਘੇੜਾ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਇਪਟਾ ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਰੂਪੋਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਜੱਥਬੰਦੀ ਦੀ ਫਗਵਾੜਾ ਇਕਾਈ ਦਾ ਪੁਨਰਗਠਨ ਕਰਦੇ ਹੋਏ ਰਜਿੰਦਰ ਘੇੜਾ ਨੂੰ ਚੇਅਰਮੈਨ, ਰੀਤ ਪ੍ਰੀਤ ਪਾਲ ਸਿੰਘ ਨੂੰ ਪ੍ਰਧਾਨ ਐਲਾਨਿਆ ਜਦਕਿ ਸ਼ਿਵ ਕੁਮਾਰ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਪੂਜਾ ਸਾਹਨੀ ਅਤੇ ਨੀਲਮ ਹਾਂਡਾ ਨੂੰ ਮੀਤ ਪ੍ਰਧਾਨ, ਬਲਵਿੰਦਰ ਪ੍ਰੀਤ ਨੂੰ ਜਨਰਲ ਸਕੱਤਰ, ਗੁਰਮੁਖ ਸਿੰਘ ਲੋਕਪ੍ਰੇਮੀ ਅਤੇ ਡਾ. ਗਿਆਨ ਚੰਦ ਨੂੰ ਸਕੱਤਰ ਨਿਯੁਕਤ ਕੀਤਾ। ਗੁਰਦਿਆਲ ਸਿੰਘ ਲੱਖਪੁਰ ਨੂੰ ਸਪੋਕਸ ਪਰਸਨ, ਮਨੋਜ ਕੁਮਾਰ ਨੂੰ ਦਫਤਰ ਸਕੱਤਰ, ਸੌਰਵ ਸ਼ਰਮਾ ਨੂੰ ਪ੍ਰੈਸ ਸਕੱਤਰ, ਮਨਵੰਤ ਸਿੰਘ ਸਾਹਨੀ ਨੂੰ ਖਜਾਨਚੀ ਦੀ ਜਿੱਮੇਵਾਰੀ ਦਿੱਤੀ। ਇਸ ਮੌਕੇ ਇੰਦਰਜੀਤ ਸਿੰਘ ਰੂਪੋਵਾਲ ਨੇ ਜਿੱਥੇ ਕਿਸਾਨਾ ਦੇ ਮੋਜੂਦਾ ਸੰਘਰਸ਼ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਨਵਨਿਯੁਕਤ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਬਿਲਾਂ ਨੁੰ ਲੈ ਕੇ ਦਿੱਲੀ ਵਲ ਜਾ ਰਹੇ ਕਿਸਾਨਾਂ ਨੂੰ ਪਾਣੀ ਦੀਆਂ ਬੋਛਾਰਾਂ ਅਤੇ ਅੱਥਰੂ ਗੈਸ ਤੇ ਲਾਠੀਚਾਰਜ ਵਰਗੇ ਤਸ਼ੱਦਦ ਨਾਲ ਰੋਕਣਾ ਸਰਾਸਰ ਗਲਤ ਹੈ। ਕਿਸਾਨਾ ਨੂੰ ਦਿੱਲੀ ਜਾ ਕੇ ਸ਼ਾਂਤੀ ਪੂਰਣ ਢੰਗ ਨਾਲ ਸੰਘਰਸ਼ ਕਰਨਾ ਦਾ ਪੂਰਾ ਅਧਿਕਾਰ ਹੈ। ਮੋਦੀ ਸਰਕਾਰ ਨੂੰ ਤਾਨਾਸ਼ਾਹੀ ਰਵੱਈਆ ਛੱਡ ਕੇ ਕਿਸਾਨਾ ਦੀ ਗੱਲ ਸੁਣਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਪਟਾ ਫਗਵਾੜਾ ਸ਼ਾਖਾ ਜਿੱਥੇ ਵੀ ਜਰੂਰਤ ਹੋਵੇਗੀ ਕਿਸਾਨਾ ਦੇ ਸੰਘਰਸ਼ ਵਿਚ ਡੱਟ ਕੇ ਖੜੀ ਹੋਵੇਗੀ। ਨਵੀਂ ਚੁਣੀ ਟੀਮ ਵਲੋਂ ਸੂਬਾ ਜਨਰਲ ਸਕੱਤਰ ਇੰਦਰਜੀਤ ਸਿੰਘ ਰੂਪੋਵਾਲ ਅਤੇ ਉਹਨਾਂ ਦੀ ਧਰਮ ਪਤਨੀ ਸਰਬਜੀਤ ਕੌਰ ਰੂਪੋਵਾਲ ਨੂੰ ਸਿਰੋਪੇ ਪਾ ਕੇ ਸਨਮਾਨਤ ਵੀ ਕੀਤਾ ਗਿਆ।