ਪੰਜਾਬ ਵਿਚ ਆੜਤੀਆਂ ਵੱਲੋਂ 29 ਨਵੰਬਰ ਨੂੰ ਪੰਜਾਬ ਵਿਚ ਹੜਤਾਲ ਕੀਤੀ ਜਾ ਰਹੀ ਹੈ। ਇਹ ਹੜਤਾਲ ਘੁਮਾਣ ਮੰਡੀ ਦੇ ਆੜਤੀ ਜਗਜੀਤ ਸਿੰਘ ਨੂੰ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਬਹੁਤ ਤੰਗ ਪ੍ਰੇਸ਼ਾਨ ਕਰਨ ਕਾਰਨ ਉਸ ਵੱਲੋਂ ਬਿਆਸ ਦਰਿਆ ਵਿਚ ਛਾਲ ਮਾਰ ਕੇ ਖੁਦਕਸ਼ੀ ਕਰਨ ਦੇ ਰੋਸ ਵਜੋਂ ਕੀਤੀ ਜਾ ਰਹੀ ਹੈ। ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਸਮੂਹ ਆੜਤੀਆਂ ਨੂੰ ਪੱਤਰ ਲਿਖਿਆ ਹੈ। ਪੜੋ ਪੱਤਰ ਵਿਚ ਕੀ ਲਿਖਿਆ ਹੈ :

ਸਤਿ ਸ੍ਰੀ ਅਕਾਲ
ਅਸੀਂ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਘੁਮਾਣ ਮੰਡੀ ਦੇ ਆੜ੍ਹਤੀ ਜਗਜੀਤ ਸਿੰਘ ਨੂੰ ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਬਹੁਤ ਤੰਗ ਪ੍ਰੇਸ਼ਾਨ ਕੀਤਾ ਗਿਆ ਜਿਸ ਕਾਰਨ ਉਸ ਨੂੰ ਕੱਲ੍ਹ ਬਿਆਸ ਦਰਿਆ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਲਈ ਮਜ਼ਬੂਰ ਹੋਣਾ ਪਿਆ ਜਿਸ ਦੇ ਰੋਸ ਵਜੋਂ ਅੱਜ ਮਿਤੀ 29 ਨਵੰਬਰ ਨੂੰ ਪੰਜਾਬ ਦੀਆਂ ਸਾਰੀਆਂ ਅਨਾਜ ਮੰਡੀਆਂ ਵਿੱਚ ਆੜ੍ਹਤੀ ਆਪਣੇ ਕਾਰੋਬਾਰ ਅਤੇ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟ ਕਰਨਗੇ । ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਨੇ ਗੁਰਦਾਸਪੁਰ ਜ਼ਿਲ੍ਹੇ ਸਮੇਤ ਬਹੁਤ ਸਾਰੀਆਂ ਮੰਡੀਆਂ ਵਿੱਚ ਬਾਰਦਾਨਾ ਸਮੇ ਸਿਰ ਨਹੀਂ ਦਿੱਤਾ ਜਿਸ ਕਰਕੇ ਕਿਸਾਨਾਂ ਨੇ ਮਜਬੁਰੀ ਵਸ ਆੜ੍ਹਤੀਆਂ ਦੀਆਂ ਦੁਕਾਨਾ ਤੇ ਝੋਨਾ ਇਕੱਠਾ ਢੇਰ ਮਾਰ ਦਿਤਾ ਜੋ ਮਹੀਨੇ ਤੱਕ ਵੀ ਬਾਰਦਾਨਾ ਨਾ ਮਿਲਣ ਕਰਕੇ ਢੇਰਾਂ ਵਿੱਚ ਕੁਝ ਝੋਨਾ ਖਰਾਬ ਹੋ ਗਿਆ । ਇੱਕ ਮਹੀਨਾ ਲੰਘ ਜਾਣ ਦੇ ਬਾਵਜੂਦ ਵੀ ਨਾ ਉਹ ਮਾਲ ਚੁੱਕੇ ਗਏ ਅਤੇ ਅੰਤ ਨੂੰ ਹੁਣ ਇੰਨੇ ਖਰਾਬ ਹੋ ਗਏ ਕਿ ਆੜ੍ਹਤੀਆਂ ਨੂੰ ਦੋ ਦੋ ਤਿੰਨ ਤਿੰਨ ਸੌ ਰੁਪਏ ਦੇ ਘਾਟੇ ਨਾਲ ਇਹ ਝੋਨੇ ਚੁਕਾਉਣੇ ਪਏ । ਪਰ ਸਰਕਾਰੀ ਅਧਿਕਾਰੀਆਂ ਨੇ ਆਪਣੀਆਂ ਰੱਜ ਕੇ ਜੇਬਾਂ ਭਰੀਆਂ। ਪਨਗ੍ਰੇਨ ਦੇ ਅਧਿਕਾਰੀਆਂ ਨੇ ਦਸ ਦਸ ਰੁਪਏ ਬੋਰੀ ਰਿਸ਼ਵਤ ਲਈ ਜਿਸ ਵਿੱਚ ਰਾਜਨਿਤਕ ਅਤੇ ਹਲਕਾ ਇੰਚਾਰਜ ਵੀ ਸ਼ਾਮਲ ਹਨ । ਗੁਰਦਾਸਪੁਰ ਜ਼ਿਲ੍ਹੇ ਵਿੱਚ ਤਾਂ ਹਰ ਆੜ੍ਹਤੀ ਨੂੰ ਵਡੀ ਮਾਰ ਪਈ ਝੋਨਾ ਖ਼ਰੀਦਣ ਵਿੱਚ ਕਿਸੇ ਵੀ ਅਧਿਕਾਰੀ ਨੇ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ ਸਗੋਂ ਆੜ੍ਹਤੀਆਂ ਨੂੰ ਮਜਬੂਰ ਕੀਤਾ ਕਿ ਉਹ ਪਹਿਲਾਂ ਮਾਲ ਸ਼ੈਲਰਾਂ ਵਿੱਚ ਪਚਾਉਣ ਉਸ ਤੋਂ ਬਾਅਦ ਢੇਰੀਆਂ ਲਿਖਾਉਣ ਜਿਸ ਕਰਕੇ ਆੜ੍ਹਤੀਆਂ ਨੂੰ ਬਿਨਾਂ ਬੋਲੀ ਮਾਲ ਭਰਨੇ ਪਏ ਉਲਟਾ ਮੰਡੀ ਬੋਰਡ ਦੇ ਵਿਜੀਲੈਂਸ ਵਿਭਾਗ ਨੇ ਕਈ ਆੜ੍ਹਤੀਆਂ ਦੀਆਂ ਦੁਕਾਨਾਂ ਤੇ ਢੇਰੀਆਂ ਬਿਨਾਂ ਖ਼ਰੀਦੇ ਭਰੀਆਂ ਹੋਣ ਦਾ ਇਲਜਾਮ ਲਾ ਕੇ ਲੱਖਾਂ ਰੁਪਏ ਜੁਰਮਾਨੇ ਵਸੁਲੇ। ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਝੋਨੇ ਦੀ ਖਰੀਦ ਵਿੱਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਸਗੋਂ ਬਹੁਤ ਸਾਰੇ ਖਰੀਦ ਕੇਂਦਰਾਂ ਵਿੱਚ ਆੜ੍ਹਤੀਆਂ ਦੀ ਵੱਡੇ ਪੱਧਰ ਤੇ ਲੁੱਟ ਹੋਈ ਹੈ ਅਜੇ ਤੱਕ ਬਹੁਤ ਸਾਰੀਆਂ ਮੰਡੀਆਂ ਵਿੱਚ ਸਰਕਾਰ ਨੇ ਐਮਐਸਪੀ ਰੋਕੀ ਹੋਈ ਹੈ ਜਦੋਂ ਕਿ ਕਿਸਾਨ ਆੜ੍ਹਤੀਆਂ ਨੂੰ ਤੰਗ ਕਰ ਰਹੇ ਹਨ ਹਜ਼ਾਰਾਂ ਮਜ਼ਦੂਰਾਂ ਦੀ ਮਜ਼ਦੂਰੀ ਸਰਕਾਰ ਨੇ ਰੋਕ ਰੱਖੀ ਹੈ ਆੜ੍ਹਤੀਆਂ ਦੀ ਆੜ੍ਹਤ ਰੋਕ ਰੱਖੀ ਹੈ ਆੜ੍ਹਤੀ ਹੁਣ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹਨ ਪਰ ਸਰਕਾਰ ਦੇ ਕੰਨ ਜੂੰ ਨਹੀਂ ਸਰਕ ਰਹੀ ਇਸ ਸੀਜ਼ਨ ਮੰਡੀਆਂ ਵਿੱਚ ਆੜ੍ਹਤੀਆਂ ਤੇ ਕਿਸਾਨਾਂ ਦੀ ਲੁੱਟ ਦੀ ਸੀਬੀਆਈ ਜਾਂਚ ਦੀ ਵੀ ਅਸੀਂ ਅੜਤੀ ਐਸੋਸੀਏਸ਼ਨ ਵੱਲੋਂ ਮੰਗ ਕਰਦੇ ਹਾਂ ਤਾਂ ਕਿ ਮੰਡੀਆਂ ਵਿੱਚ ਹਰ ਸਾਲ ਹੁੰਦੀ ਲੁੱਟ ਨੂੰ ਨੱਥ ਪਾਈ ਜਾ ਸਕੇ ।ਮੈਂ ਆਪ ਜੀ ਨੂੰ ਅਪੀਲ ਕਰਦਾ ਹਾਂ ਕਿ ਸਾਡੇ ਆੜ੍ਹਤੀ ਭਾਈਚਾਰੇ ਨਾਲ ਹਮਦਰਦੀ ਰੱਖਦੇ ਹੋਏ ਅੱਜ ਸਾਡੀ ਇਸ ਮੁਸ਼ਕਿਲ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਮਦਦ ਕਰੋ ।