* ਕਿਸਾਨਾ ਦੀ ਮੌਤ ਦੇ ਵਰੰਟ ਲਈ ਅਕਾਲੀ ਅਤੇ ਕਾਂਗਰਸੀ ਵੀ ਜਿੰਮੇਵਾਰ – ਸੰਤੋਸ਼ ਗੋਗੀ
ਫਗਵਾੜਾ (ਡਾ ਰਮਨ) ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਵਲੋਂ ਅੱਜ ਸੀਨੀਅਰ ਆਗੂ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇਠ ਸਥਾਨਕ ਰੈਸਟ ਹਾਉਸ ਚੌਕ ਜੀ.ਟੀ. ਰੋਡ ਵਿਖੇ ਮਨੁੰਖੀ ਚੇਨ ਬਣਾ ਕੇ ਕੇਂਦਰ ਸਰਕਾਰ ਦੇ ਖੇਤੀਬਾੜੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਸੰਤੋਸ਼ ਕੁਮਾਰ ਗੋਗੀ, ਰਿਟਾ. ਪ੍ਰਿੰਸੀਪਲ ਨਰੇਸ਼ ਪਾਠਕ, ਸੀਨੀਅਰ ਆਗੂ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਸ਼ੀਤਲ ਸਿੰਘ ਪਲਾਹੀ, ਰਿਟਾ. ਪ੍ਰਿੰਸੀਪਲ ਨਿਰਮਲ ਸਿੰਘ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾ ਦੀ ਮਰਜੀ ਤੋਂ ਬਿਨਾਂ ਜੋ ਕਾਨੂੰਨ ਬਨਾਉਣ ਜਾ ਰਹੀ ਹੈ ਉਹ ਕਿਸਾਨ ਵਿਰੋਧੀ ਹੋਣ ਦੇ ਨਾਲ ਹੀ ਆੜਤੀਆਂ, ਮੁਨੀਮਾ ਅਤੇ ਮੰਡੀ ਮਜਦੂਰਾਂ ਦੇ ਢਿੱਡ ਤੇ ਲੱਤ ਮਾਰਨ ਵਾਲਾ ਕਾਲਾ ਕਾਨੂੰਨ ਹੈ ਜਿਸਦਾ ਆਮ ਆਦਮੀ ਪਾਰਟੀ ਸਖਤ ਵਿਰੋਧ ਕਰਦੀ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਮੰਡੀਆਂ ਨੂੰ ਖਤਮ ਕਰਕੇ ਕਿਸਾਨਾ ਦੇ ਹੱਕ ਨੂੰ ਕਾਰਪੋਰੇਟ ਕੰਪਨੀਆਂ ਪਾਸ ਗਿਰਵੀ ਰੱਖਣਾ ਚਾਹੁੰਦੀ ਹੈ। ਇਹ ਕਾਨੂੰਨ ਲਾਗੂ ਹੋਣ ਨਾਲ ਕਿਸਾਨਾ ਦੀ ਫਸਲ ਦਾ ਮੁੱਲ ਪ੍ਰਾਈਵੇਟ ਕੰਪਨੀਆਂ ਤੈਅ ਕਰਨਗੀਆਂ ਜਦਕਿ ਪਹਿਲਾਂ ਕੇਂਦਰ ਸਰਕਾਰ ਵਲੋਂ ਘੱਟੋ ਘੱਟ ਸਮਰਥਨ ਮੁੱਲ ਤੈਅ ਕੀਤਾ ਜਾਂਦਾ ਸੀ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਦੀ ਗਰੰਟੀ ਹੁੰਦੀ ਸੀ ਪਰ ਹੁਣ ਪ੍ਰਾਈਵੇਟ ਕੰਪਨੀਆਂ ਆਪਣੀ ਮਨ ਮਰਜੀ ਕਰਨਗੀਆਂ ਕਿਉਂਕਿ ਮੋਦੀ ਸਰਕਾਰ ਨੇ ਐਮ.ਐਸ.ਪੀ. ਨੂੰ ਜਾਰੀ ਰੱਖਣ ਦੀ ਗਰੰਟੀ ਆਰਡੀਨੈਂਸ ਵਿਚ ਨਹੀਂ ਦਿੱਤੀ ਹੈ। ਉਹਨਾਂ ਕਿਹਾ ਕਿ ਪਹਿਲਾਂ ਪ੍ਰਾਈਵੇਟ ਕੰਪਨੀਆਂ ਕਿਸਾਨਾਂ ਨੂੰ ਲਾਲਚ ਦੇਣ ਲਈ ਥੋੜਾ ਵੱਧ ਮੁੱਲ ਜਰੂਰ ਦੇਣਗੀਆਂ ਪਰ ਜਦੋਂ ਮੰਡੀਆਂ ਖਤਮ ਹੋ ਗਈਆਂ ਤਾਂ ਕਿਸਾਨਾ ਪਾਸ ਕੰਪਨੀਆਂ ਉਪਰ ਨਿਰਭਰ ਰਹਿਣ ਦੀ ਬਜਾਏ ਕੋਈ ਚਾਰਾ ਨਹੀਂ ਬਚੇਗਾ ਅਤੇ ਕਿਸਾਨਾ ਦੀ ਫਸਲ ਦੀ ਲੁੱਟ ਕੰਪਨੀਆਂ ਵਲੋਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਦੂਸਰੇ ਆਰਡੀਨੈਂਸ ਵਿਚ ਪ੍ਰਾਈਵੇਟ ਕੰਪਨੀਆਂ ਨੂੰ ਫਸਲ ਦੀ ਜਮਾਖੌਰੀ ਦੀ ਖੁੱਲੀ ਛੂਟ ਦਿੱਤੀ ਗਈ ਹੈ। ਜਿਸ ਨਾਲ ਅਨਾਜ ਅਤੇ ਸਬਜੀਆਂ ਦੀ ਕਾਲਾ ਬਾਜਾਰੀ ਹੋਵੇਗੀ ਤੇ ਵੱਧ ਰੇਟ ਹੋਣ ਕਰਕੇ ਆਮ ਲੋਕਾਂ ਦੀ ਜੇਬ ਤੇ ਡਾਕਾ ਪਵੇਗਾ। ਇਸ ਤਰ੍ਹਾਂ ਸਰਕਾਰ ਦਾ ਮਕਸਦ ਪ੍ਰਾਈਵੇਟ ਕੰਪਨੀਆਂ ਨੂੰ ਲਾਭ ਪਹੁੰਚਾਉਣਾ ਹੈ। ਉਹਨਾਂ ਸ੍ਰੋਮਣੀ ਅਕਾਲੀ ਦਲ ਉਪਰ ਵੀ ਕਿਸਾਨਾ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਕਿਸਾਨਾ ਦੀ ਮੌਤ ਦੇ ਵਰੰਟ ਉਪਰ ਬਾਦਲ ਪਰਿਵਾਰ ਦੇ ਦਸਤਖਤ ਹਨ ਪਰ ਜਦੋਂ ਪਿੰਡਾਂ ‘ਚ ਅਕਾਲੀਆਂ ਦਾ ਬਾਇਕਾਟ ਹੋਣ ਲੱਗਾ ਤਾਂ ਅਸਤੀਫਾ ਦੇ ਕੇ ਬੀਬੀ ਬਾਦਲ ਸੱਚੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਆਪ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹਨਾਂ ਆਰਡੀਨੈਂਸਾਂ ਲਈ ਕੇਂਦਰ ਦੀ ਮੋਦੀ ਸਰਕਾਰ ਦਾ ਸਮਰਥਨ ਕੀਤਾ ਸੀ ਜਦਕਿ ਉਹਨਾਂ ਨੂੰ ਪਹਿਲੀ ਮੀਟਿੰਗ ਵਿਚ ਹੀ ਇਹਨਾਂ ਆਰਡੀਨੈਂਸਾ ਦਾ ਵਿਰੋਧ ਕਰਨਾ ਚਾਹੀਦਾ ਸੀ। ਉਹਨਾਂ ਐਲਾਨ ਕੀਤਾ ਕਿ ਜਦੋਂ ਤੱਕ ਮੋਦੀ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗੀ ਸਮੂਹ ਕਿਸਾਨ ਜੱਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਲਲਿਤ, ਡਾ. ਜਤਿੰਦਰ ਪਰਹਾਰ, ਜੇ.ਐਸ. ਵਿਰਕ, ਹਰਪਾਲ ਸਿੰਘ, ਵਿੱਕੀ ਸਿੰਘ, ਐਡਵੋਕੇਟ ਰੋਹਿਤ ਸ਼ਰਮਾ, ਨਰੇਸ਼ ਸ਼ਰਮਾ, ਜਸਵੀਰ ਕੋਕਾ, ਜਸਵਿੰਦਰ ਸਿੰਘ, ਵਿਨੋਦ ਭਾਸਕਰ, ਸੁਨੀਲ ਕੁਮਾਰ, ਗੁਰਪ੍ਰੀਤ ਸਿੰਘ, ਸੁਨੀਤਾ ਗੋਬਿੰਦਪੁਰਾ, ਪ੍ਰੀਆ ਸੰਤੋਸ਼, ਰਿੰਪੀ, ਮੁਲਖ ਰਾਜ, ਰਵੀ ਖਾਟੀ, ਗੁਰਦੀਪ ਸਿੰਘ, ਸੁਖਜਿੰਦਰ ਕੌਰ, ਅਮਨਦੀਪ, ਲੇਖਰਾਜ, ਸਾਹਿਲ, ਰਸ਼ਪਾਲ ਢਿੱਲੋਂ ਅਤੇ ਵਿਸ਼ਾਲ ਆਦਿ ਹਾਜਰ ਸਨ।