* ਸੀ.ਬੀ.ਆਈ. ਆਈ ਜਾਂਚ ਦੀ ਮੰਗ ਨੂੰ ਲੈ ਕੇ ਦਿੱਤਾ ਮੰਗ ਪੱਤਰ
ਫਗਵਾੜਾ (ਡਾ ਰਮਨ ) ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਕਰੀਬ 64 ਕਰੋੜ ਰੁਪਏ ਦੇ ਘੋਟਾਲੇ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਫਗਵਾੜਾ ਯੁਨਿਟ ਨੇ ਸੀਨੀਅਰ ਆਗੂ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇਠ ਜਿੱਥੇ ਸਬੰਧਤ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕਿਆ ਉੱਥੇ ਹੀ ਡੀ.ਸੀ. ਕਪੂਰਥਲਾ ਦੇ ਨਾਮ ਇਕ ਮੰਗ ਪੱਤਰ ਵੀ ਐਸ.ਐਚ.ਓ ਸਿਟੀ ਉਂਕਾਰ ਸਿੰਘ ਬਰਾੜ ਨੂੰ ਦਿੱਤਾ ਜਿਸ ਵਿਚ ਇਸ ਘੋਟਾਲੇ ਦੀ ਸੀ.ਬੀ.ਆਈ. ਜਾਂ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੇ ਕਰੀਬ 10 ਹਜਾਰ ਲੋੜਵੰਦ ਗਰੀਬ ਦਲਿਤ ਵਿਦਿਆਰਥੀਆਂ ਦੇ ਹੱਕ ਤੇ ਡਾਕਾ ਮਾਰਿਆ ਹੈ ਜੋ ਇਸ ਪੈਸੇ ਨਾਲ ਡਿਗਰੀ ਜਾਂ ਡਿਪਲੋਮਾ ਕਰਕੇ ਆਪਣਾ ਜੀਵਨ ਪੱਧ੍ਰ ਉੱਚਾ ਚੁੱਕ ਸਕਦੇ ਸੀ ਇਸ ਲਈ ਸਾਧੂ ਦੇ ਰੂਪ ਵਿਚ ਸ਼ੈਤਾਨ ਮੰਤਰੀ ਨੂੰ ਤੁਰੰਤ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਸਕੀਮ ਵਿਚ ਪਹਿਲਾਂ ਵੀ 1200 ਕਰੋੜ ਰੁਪਏ ਦੇ ਘੋਟਾਲੇ ਦਾ ਖੁਲਾਸਾ ਹੋ ਚੁੱਕਾ ਹੈ ਪਰ ਪੰਜਾਬ ਸਰਕਾਰ ਮਾਮਲੇ ਨੂੰ ਦਬਾਉਣ ਵਿਚ ਲੱਗੀ ਹੋਈ ਹੈ ਜਦਕਿ ਕੇਂਦਰ ਦੀ ਮੋਦੀ ਸਰਕਾਰ ਚੁਪਚਾਪ ਤਮਾਸ਼ ਦੇਖ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਤੋਂ ਇਸ ਮਾਮਲੇ ਵਿਚ ਨਿਆ ਦੀ ਕੋਈ ਉਮੀਦ ਨਹੀਂ ਹੈ ਪਰ 2022 ਵਿਚ ਜਦੋਂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਮੇਤ ਕੈਪਟਨ ਸਰਕਾਰ ਦੇ ਰਾਜ ਵਿਚ ਹੋਏ ਸਾਰੇ ਹੀ ਘੋਟਾਲਿਆਂ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜਾ ਦੁਆਈ ਜਾਵੇਗੀ। ਇਸ ਮੌਕੇ ਸੀਨੀਅਰ ਆਗੂ ਐਡਵੋਕੇਟ ਕਸ਼ਮੀਰ ਸਿੰਘ ਮੱਲ•ੀ, ਰਿਟਾ. ਪ੍ਰਿੰਸੀਪਲ ਹਰਮੇਸ਼ ਪਾਠਕ, ਸੀਤਲ ਸਿੰਘ ਪਲਾਹੀ, ਐਡਵੋਕੇਟ ਰੋਹਿਤ ਸ਼ਰਮਾ, ਐਡਵੋਕੇਟ ਅਸ਼ੀਸ਼ ਸ਼ਰਮਾ, ਲਲਿਤ ਕੁਮਾਰ, ਡਾ. ਜਤਿੰਦਰ ਪਰਹਾਰ, ਨਰੇਸ਼ ਸ਼ਰਮਾ, ਰਿਟਾ. ਪ੍ਰਿੰਸੀਪਲ ਨਿਰਮਲ ਸਿੰਘ, ਵਿੱਕੀ, ਹਰਪਾਲ ਸਿੰਘ ਢਿੱਲੋਂ, ਸੁਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਹਿੰਦਰਜੀਤ ਸਿੰਘ, ਵਿਨੋਦ ਭਾਸਕਰ, ਰਾਜੇਸ਼ ਕੌਲਸਰ, ਮੋਨੂੰ, ਬਿੰਦੂ ਆਦਿ ਹਾਜਰ ਸਨ।