* ਗੰਨਾ ਕਿਸਾਨਾਂ ਦਾ ਮਿੱਲਾਂ ਵੱਲ ਕਰੀਬ 750 ਕਰੋੜ ਬਕਾਇਆ – ਸੰਤੋਸ਼ ਗੋਗੀ
ਫਗਵਾੜਾ(ਡਾ ਰਮਨ) ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਵਲੋਂ ਅੱਜ ਹਲਕਾ ਇੰਚਾਰਜ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਪਵਨ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਸਹਿਕਾਰੀ ਅਤੇ ਪ੍ਰਾਈਵੇਟ ਗੰਨਾ ਮਿੱਲ ਮਾਲਕਾਂ ਤੋਂ ਗੰਨਾ ਉਤਪਾਦਕ ਕਿਸਾਨਾਂ ਤੋਂ ਬਕਾਇਆ ਰਕਮ ਦੀ ਜਲਦੀ ਅਦਾਇਗੀ ਕਰਵਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਸੰਤੋਸ਼ ਕੁਮਾਰ ਗੋਗੀ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਿਚ ਗੰਨਾ ਉਤਪਾਦਕਾਂ ਦੀ ਸਹਿਕਾਰੀ ਮਿੱਲਾਂ ਅਤੇ ਨਿਜੀ ਗੰਨਾ ਮਿੱਲਾਂ ਵਲ ਤਕਰੀਬਨ 750 ਕਰੋੜ ਰੁਪਏ ਦੀ ਰਕਮ ਬਕਾਇਆ ਹੈ। ਜਿਸ ਵਿਚ 300 ਕਰੋੜ ਦੇ ਕਰੀਬ ਸਹਿਕਾਰੀ ਮਿੱਲਾਂ ਅਤੇ 450 ਕਰੋੜ ਰੁਪਏ ਦੇ ਕਰੀਬ ਨਿਜੀ ਮਿੱਲਾਂ ਵਲ ਰਕਮ ਬਕਾਇਆ ਹੈ। ਉਹਨਾਂ ਦੱਸਿਆ ਕਿ ਫਗਵਾੜਾ ਦੀ ਵਾਹਿਦ-ਸੰਧਰ ਸ਼ੁੱਗਰ ਮਿਲ ਵਲ ਵੀ ਗੰਨਾ ਕਿਸਾਨਾ ਦੀ ਕਰੀਬ 83 ਕਰੋੜ ਰੁਪਏ ਦੀ ਰਕਮ ਬਕਾਇਆ ਖੜੀ ਹੈ ਜਿਸਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਕੋਰੋਨਾ ਆਫਤ ਨਾਲ ਪਹਿਲਾਂ ਹੀ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਪਾਸ ਗੰਨੇ ਦੀ ਬਿਜਾਈ ਤੋਂ ਲੈ ਕੇ ਖਾਦ ਪਾਉਣ ਲਈ ਵੀ ਪੈਸੇ ਨਹੀਂ ਹਨ। ਜੇਕਰ ਸਮਾਂ ਰਹਿੰਦੇ ਬਕਾਇਆ ਰਕਮ ਦੀ ਅਦਾਇਗੀ ਨਾ ਹੋਈ ਤਾਂ ਪਹਿਲਾਂ ਤੋਂ ਹੀ ਕਰਜੇ ਦੇ ਬੋਝ ਹੇਠਾਂ ਦੱਬਿਆ ਕਿਸਾਨ ਹੋਰ ਕਰਜਾਈ ਹੋ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਗੰਨਾ ਕਿਸਾਨਾ ਦੇ ਬਕਾਏ ਦੀ ਅਦਾਇਗੀ ਨਾ ਕਰਵਾਈ ਤਾਂ ਆਮ ਆਦਮੀ ਪਾਰਟੀ ਕਿਸਾਨਾ ਦੇ ਹੱਕ ਵਿਚ ਸੰਘਰਸ਼ ਲਈ ਮਜਬੂਰ ਹੋਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਪੰਜਾਬ ਕਸ਼ਮੀਰ ਸਿੰਘ ਮੱਲੀ ਐਡਵੋਕੇਟ, ਰਿਟਾ. ਪ੍ਰਿੰਸੀਪਲ ਹਰਮੇਸ਼ ਪਾਠਕ, ਸ਼ੀਤਲ ਸਿੰਘ ਪਲਾਹੀ, ਰਿਟਾ. ਪ੍ਰਿੰਸੀਪਲ ਨਿਰਮਲ ਸਿੰਘ, ਨਰੇਸ਼ ਸ਼ਰਮਾ, ਵਿੱਕੀ, ਰੋਹਿਤ ਸ਼ਰਮਾ, ਰਵੀ ਖਾਟੀ, ਰਾਜੇਸ਼ ਕੌਲਸਰ, ਵਿਨੋਦ ਭਾਸਕਰ, ਦੀਪਾ ਦਿਆਲਪੁਰੀ, ਅਮਨਦੀਪ ਸਿੰਘ ਤੇ ਬਿੱਟੂ ਭਾਣੋਕੀ ਆਦਿ ਹਾਜਰ ਸਨ