ਸੁਲਤਾਨਪੁਰ ਲੋਧੀ, 29 ਫਰਵਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੇਸ਼ ਕੀਤੇ ਗਏ ਚੌਥੇ ਬਜਟ ਦੀ ਭਰਪੂਰ ਸ਼ਲਾਘਾ ਕਰਦਿਆਂ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਇਸ ਬਜਟ ਨਾਲ ਇਕ ਪ੍ਰਗਤੀਸ਼ੀਲ ਰੋਡ ਮੈਪ ਤਿਆਰ ਕੀਤਾ ਗਿਆ ਹੈ, ਜਿਸ ਨਾਲ ਸੂਬੇ ਦੇ ਸਰਬਪੱਖੀ ਵਿਕਾਸ ਲਈ ਰਾਹ ਪੱਧਰਾ ਹੋ ਗਿਆ ਹੈ। ਉਨਾਂ ਕਿਹਾ ਕਿ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ‘ਜਿੰਨਾ ਖ਼ਰਚ, ਓਨੀ ਆਮਦਨ’ ਵਾਲੇ ਬਜਟ ਨਾਲ ਪੰਜਾਬ ਮੁੜ ਤਰੱਕੀ ਦੀਆਂ ਲੀਹਾਂ ’ਤੇ ਆ ਗਿਆ ਹੈ ਅਤੇ ਆਉਂਦੇ ਦੋ ਸਾਲਾਂ ਵਿਚ ਹੁਣ ਸੂਬੇ ਦੀ ਆਮਦਨ ਵਧਣ ਅਤੇ ਖ਼ਰਚ ਘਟਣ ਨਾਲ ਪੰਜਾਬ ਮੁਲਕ ਦਾ ਨੰਬਰ ਇਕ ਸੂਬਾ ਬਣੇਗਾ। ਉਨਾਂ ਕਿਹਾ ਕਿ ਇਸ ਵਿਕਾਸਮੁਖੀ ਬਜਟ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸੂਬੇ ਦੇ ਵਿੱਤੀ ਹਾਲਾਤ ਹੁਣ ਕਾਬੂ ਹੇਠ ਹਨ ਅਤੇ ਪੰਜਾਬ ਦੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ। ਸ. ਚੀਮਾ ਨੇ ਕਿਹਾ ਕਿ ਅਗਲੇ ਦੋ ਸਾਲਾਂ ਦੌਰਾਨ ਪੰਜਾਬ ਵਾਸੀਆਂ ਦੇ ਜੀਵਨ ਵਿਚ ਮਹੱਤਵਪੂਰਨ ਸੁਧਾਰ ਆਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਵਿੱਤ ਮੰਤਰੀ ਵੱਲੋਂ ਬੜੀ ਮਿਹਨਤ ਨਾਲ ਸੂਬੇ ਦੀ ਆਰਥਿਕਤਾ ਨੂੰ ਸੁਧਾਰਿਆ ਗਿਆ ਹੈ, ਜਿਸ ਨੂੰ ਪਿਛਲੀ ਸਰਕਾਰ ਵੱਲੋਂ ਆਪਣੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਤਹਿਸ-ਨਹਿਸ ਕਰ ਦਿੱਤਾ ਗਿਆ ਸੀ। ਉਨਾਂ ਕਿਹਾ ਕਿ ਹੁਣ ਸੂਬੇ ਦੇ ਸਰਬਪੱਖੀ ਵਿਕਾਸ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਮਿਲੇਗਾ। ਸ. ਚੀਮਾ ਨੇ ਕਿਹਾ ਕਿ ਬਜਟ ਵਿਚ ਸਿੱਖਿਆ ਜਿਹੇ ਅਹਿਮ ਖੇਤਰ ਨੂੰ ਤਰਜੀਹ ਦਿੱਤੇ ਜਾਣ ਨਾਲ ਸੂਬੇ ਅਤੇ ਲੋਕਾਂ ਦੀ ਤਰੱਕੀ ਦਾ ਰਾਹ ਪੱਧਰਾ ਹੋਵੇਗਾ। ਇਸੇ ਤਰਾਂ ਉਨਾਂ ਬਜਟ ਵਿਚ ਕਿਸਾਨੀ, ਖੇਤੀਬਾੜੀ, ਰੋਜ਼ਗਾਰ ਉੱਤਪਤੀ ਅਤੇ ਹੁਨਰ ਵਿਕਾਸ ’ਤੇ ਵਿਸ਼ੇਸ਼ ਧਿਆਨ ਕੇਂਦਰਤ ਕਰਨ ਦਾ ਸਵਾਗਤ ਕਰਦਿਆਂ ਇਸ ਨੂੰ ਕਿਸਾਨਾਂ ਅਤੇ ਬੇਰੋਜ਼ਗਾਰ ਨੌਜਵਾਨਾਂ ਲਈ ਵਰਦਾਨ ਦੱਸਿਆ। ਇਸ ਤੋਂ ਇਲਾਵਾ ਉਨਾਂ ਬਜਟ ਨੂੰ ਮਹਿਲਾ ਸਸ਼ਕਤੀਕਰਨ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਵਾਲਾ ਦੱਸਿਆ ਅਤੇ ਬਹਾਦਰੀ ਪੁਰਸਕਾਰ ਜੇਤੂ ਸ਼ਹੀਦਾਂ ਦੇ ਵਾਰਸਾਂ ਤੇ ਆਜ਼ਾਦੀ ਤੋਂ ਪਹਿਲਾਂ ਦੇ ਸਾਬਕਾ ਸੈਨਿਕਾਂ ਨੂੰ ਦਿੱਤੀ ਜਾਂਦੀ ਮਹੀਨਾਵਾਰ ਵਿੱਤੀ ਸਹਾਇਤਾ ਵਧਾਉਣ ਦੀ ਵੀ ਸ਼ਲਾਘਾ ਕੀਤੀ।