ਰੋਜ਼ਾਨਾ ਮੈਸੇਜਾਂ ,ਚਿੱਠੀਆਂ ਅਤੇ ਸੂਚਨਾਵਾਂ ਦਾ ਆਉਂਦਾ ਹੈ ਹੜ੍ਹ: ਉਪਰੋਂ ਲੰਮੀਆਂ ਆਨਲਾਈਨ ਮੀਟਿੰਗਾਂ

ਫਗਵਾੜਾ (ਡਾ ਰਮਨ ) ਅਧਿਆਪਕਾਂ ਦੀ ਸਰਗਰਮ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਫਗਵਾੜਾ ਦੇ ਆਗੂਆਂ  ਗੁਰਮੁਖ ਲੋਕਪ੍ਰੇਮੀ,ਨਵਕਿਰਣ ਪਾਂਸ਼ਟ, ਜਗਜੀਤ ਸਿੰਘ ਜਟਾਣਾ,ਸੁਖਦੇਵ ਸੁਖ ਨੇ ਅੱਜ ਇੱਕ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਇਸ ਸਮੇ ਆਨਲਾਈਨ ਕੰਮ ਅਧਿਆਪਕਾਂ ਦੀ ਸਿਰਦਰਦੀ ਬਣਿਆ ਹੋਇਆ ਹੈ । ਨਿੱਤ ਨਵੇਂ ਫੁਰਮਾਨ ਅਤੇ ਮੰਗੀਆਂ ਜਾ ਰਹੀਆਂ ਸੂਚਨਾਵਾਂ ਬੇਹੱਦ ਪ੍ਰੇਸ਼ਾਨੀ ਪੈਦਾ ਕਰ ਰਹੀਆਂ ਹਨ। ਹਾਲਾਂ ਕਿ ਸਕੂਲ ਖੁੱਲੇ ਨਹੀਂ ਹਨ ਪਰ ਅਧਿਆਪਕਾਂ ਤੋਂ ਨਿੱਤ ਸੂਚਨਾਵਾਂ ਮੰਗੀਆਂ ਜਾਂਦੀਆਂ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਸੂਚਨਾ ਨੂੰ ਜਾਣ ਬੁਝ ਕੇ ਔਖੇ ਅਤੇ ਬਰੀਕ ਢੰਗ ਨਾਲ ਵਾਰ ਵਾਰ ਮੰਗਿਆ ਜਾਂਦਾ ਹੈ। ਇੱਕ ਪਾਸੇ ਤਾਂ ਅਧਿਆਪਕਾਂ ਨੂੰ ਬੱਚਿਆਂ ਦੀ ਆਨਲਾਈਨ ਪੜ੍ਹਾਈ ਵਿੱਚ ਲਗਾਇਆ ਗਿਆ ਹੈ ਉੱਪਰੋਂ ਪੀ ਏ ਐੱਸ ਦੀ ਪ੍ਰੀਖਿਆ ਲਈ 100% ਭਾਗੀਦਾਰੀ ਅਤੇ ਨੰਬਰਾਂ ਦੀ ਪ੍ਰਾਪਤੀ ਲਈ ਅਧਿਆਪਕਾਂ ਤੇ ਗਲਾ ਘੁੱਟਣ ਦੀ ਹੱਦ ਤੱਕ ਦਬਾਅ ਬਣਾਇਆ ਜਾ ਰਿਹਾ ਹੈ।ਅਧਿਕਾਰੀ ਫੋਕੇ ਅੰਕੜਿਆਂ ਪਿੱਛੇ ਹਾਬੜੇ ਹੋਏ ਹਨ ਜਦਕਿ ਜ਼ਮੀਨੀ ਹਕੀਕਤ ਬਿਲਕੁਲ ਉਲਟ ਹੈ।ਅਜਿਹੇ ਮਾਹੌਲ ਚ ਕੰਮ ਕਰਕੇ ਅਧਿਆਪਕ ਅੱਖਾਂ ,ਗਰਦਨ ਦੀਆਂ ਬਿਮਾਰੀਆਂ ਅਤੇ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਇਸ ਵਰਤਾਰੇ ਨੂੰ ਤੁਰੰਤ ਰੋਕ ਕੇ ਵਿਦਿਆਰਥੀ ਅਧਿਆਪਕ ਦੇ ਨਿੱਘੇ ਰਿਸ਼ਤੇ ਦੀ ਬਹਾਲੀ ਲਈ ਕਲਾਸ ਰੂਮ ਦੀ ਪੜ੍ਹਾਈ ਅਰੰਭੀ ਜਾਵੇ ਤੇ ਅਧਿਆਪਕਾਂ ਨੂੰ ਬੇਲੋੜੇ ਬੋਝ ਤੋਂ ਮੁਕਤ ਕਰਕੇ ਸਾਰਾ ਸਮਾਂ ਵਿਦਿਆਰਥੀ ਤੇ ਲਾਉਣ ਯੋਗ ਬਣਾਇਆ ਜਾਵੇ। ਉਹਨਾ ਦੱਸਿਆ ਕਿ ਇਸ ਵਰਤਾਰੇ ਖਿਲਾਫ 9 ਨਵੰਬਰ ਨੂੰ ਡੀ ਟੀ ਐੱਫ ਸਿੱਖਿਆ ਸਕੱਤਰ ਦੇ ਦਫਤਰ ਅੱਗੇ ਵਿਰੋਧ ਪ੍ਰਦਰਸ਼ਨ ਕਰਕੇ ਸਰਕਾਰਾਂ ਦੀਆਂ ਵਿਦਿਆਰਥੀ ,ਅਧਿਆਪਕ ਅਤੇ ਜਨਤਕ ਸਿੱਖਿਆ ਪ੍ਰਤੀ ਮਾੜੀ ਨੀਤ ਤੇ ਨੀਤੀਆਂ ਦੀ ਪੋਲ ਖੋਹਲੇਗਾ। ਉਹਨਾਂ ਸਾਰੇ ਅਧਿਆਪਕ ਭਾਈਚਾਰੇ ਨੂੰ 9 ਦੇ ਪ੍ਰਦਰਸ਼ਨ ਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਵੀ ਕੀਤੀ। ਇਸ ਮੌਕੇ ਮਨਜੀਤ ਲਾਲ,ਉਰਮਿਲਾ ਦੇਵੀ,ਕਮਲੇਸ਼ ਸੰਧੂ,ਅਕਵਿੰਦਰ ਕੌਰ ਅਤੇ ਰੇਸ਼ਮਾ ਰਾਣੀ ਜਥੇਬੰਦਕ ਮੈਂਬਰ ਵੀ ਮੌਜੂਦ ਸਨ।