*ਕੋਵਿਡ ਕਾਰਨ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਆਨਲਾਈਨ ਟ੍ਰੇਨਿੰਗ

ਫਗਵਾੜਾ (ਡਾ ਰਮਨ )

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਸਿਖਿਆਰਥੀਆਂ ਨੂੰ ਘਰ ਬੈਠੇ ਹੀ ਵੱਖ-ਵੱਖ ਕੋਰਸਾਂ ਦੀ ਆਨਲਾਈਨ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਨਾਂ ਆਨਲਾਈਨ ਕਲਾਸਾਂ ਵਿਚ ਕਿਸੇ ਵੀ ਤਰਾਂ ਦੀ ਲਾਪਰਵਾਹੀ ਨਾ ਹੋਵੇ, ਇਸ ਦੇ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਫ਼ਤਰ ਵਿਚ ਬੈਠੇ ਡੀ. ਪੀ. ਐਮ ਯੂ ਨੂੰ ਵੀ ਇਸ ਦਾ ਇਕ ਲਿੰਕ ਭੇਜਿਆ ਗਿਆ ਹੈ। ਜਿਵੇਂ ਹੀ ਲਿੰਕ ਵਿਚ ਪਾਸਵਰਡ ਲਾ ਕੇ ਓਪਨ ਕੀਤਾ ਜਾਵੇਗਾ ਤਾਂ ਟ੍ਰੇਨਿੰਗ ਦੇਣ ਵਾਲੇ ਟਰੇਨਰਜ਼ ਅਤੇ ਸਿਖਿਆਰਥੀਆਂ ਦੀ ਪੂਰੀ ਜਾਣਕਾਰੀ ਦਫ਼ਤਰ ਬੈਠੇ ਹੀ ਮਿਲ ਜਾਵੇਗੀ। ਟ੍ਰੇਨਿੰਗ ਤੋਂ ਬਾਅਦ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਸਤੇ 70 ਤੋਂ 75 ਫੀਸਦੀ ਹਾਜ਼ਰੀ ਹੋਣੀ ਜ਼ਰੂਰੀ ਹੈ। ਬਲਾਕ ਮਿਸ਼ਨ ਮੈਨੇਜਰ ਰਾਜੇਸ਼ ਬਾਹਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਨਲਾਈਨ ਕਲਾਸਾਂ ਲਈ ਮੈਸਰਜ਼ ਸੇਫ ਐਜੂਕੇਟ ਲਰਨਿੰਗ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਓਰੀਅਨ ਐਜੂਟੈੱਕ ਪ੍ਰਾਈਵੇਟ ਲਿਮਟਿਡ ਵੱਲੋਂ ਆਪਣਾ ਇਕ-ਇਕ ਯੂ. ਆਰ. ਐਲ ਤਿਆਰ ਕਰਵਾਇਆ ਗਿਆ ਹੈ, ਜਿਸ ਨੂੰ ਸਿਖਿਆਰਥੀਆਂ ਵਿਚ ਵੰਡਿਆ ਗਿਆ ਹੈ। ਜਿਵੇਂ ਹੀ ਸਿਖਿਆਰਥੀ ਆਨਲਾਈਨ ਹੋ ਕੇ ਕੁਨੈਕਟ ਹੋਵੇਗਾ, ਉਸ ਨੂੰ ਇਸ ਦੀ ਜਾਣਕਾਰੀ ਸਕਰੀਨ ਸ਼ਾਟ ਖਿੱਚ ਕੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਪੀ. ਡੀ. ਐਸ. ਐਮ ਸਟਾਫ ਦੇ ਵਟਸਐਪ ਗਰੁੱਪ ਵਿਚ ਭੇਜਣੀ ਹੋਵੇਗੀ। ਉਨਾਂ ਦੱਸਿਆ ਕਿ ਇਸ ਟ੍ਰੇਨਿੰਗ ਦਾ ਹੈੱਡਕੁਆਰਟਰ ਦਿੱਲੀ ਵਿਚ ਹੈ। ਉਨਾਂ ਦੱਸਿਆ ਕਿ ਸਿਖਿਆਰਥੀਆਂ ਨੂੰ ਲੋਜਿਸਟਿਕ ਮੈਨੇਜਮੈਂਟ ਅਤੇ ਕਸਟਮਰ ਕੇਅਰ ਐਗਜ਼ੀਕਿਊਟਿਵ ਦੇ ਕੋਰਸ ਕਰਵਾਏ ਜਾ ਰਹੇ ਹਨ। ਇਨਾਂ ਆਨਲਾਈਨ ਕੋਰਸਾਂ ਦੀਆਂ ਕਲਾਸਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੱਖ-ਵੱਖ ਬੈਚ ਵਾਈਜ਼ ਜ਼ੂਮ ਐਪ ’ਤੇ ਚੱਲ ਰਹੀਆਂ ਹਨ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ ਨੇ ਦੱਸਿਆ ਕਿ ਜ਼ਿਲੇ ਵਿਚ ਬੇਰੋਜ਼ਗਾਰ ਨੌਜਵਾਨਾਂ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਚਲਾਏ ਜਾ ਰਹੇ ਕੋਰਸਾਂ ਦਾ ਵੱਧ ਤੋਂ ਵੱਧ ਲਾਭ ਦਿੱਤਾ ਜਾ ਰਿਹਾ ਹੈ। ਉਨਾਂ ਇਹ ਵੀ ਕਿਹਾ ਕਿ ਟ੍ਰੇਨਿੰਗ ਤੋਂ ਬਾਅਦ ਵੱਖ-ਵੱਖ ਕੰਪਨੀਆਂ ਨਾਲ ਬਾਬਤਾ ਕਰਕੇ ਸਿਖਿਆਰਥੀਆਂ ਦੀ ਇੰਟਰਵਿਊ ਕਰਵਾ ਕੇ ਉਨਾਂ ਨੂੰ ਨੌਕਰੀਆਂ ’ਤੇ ਲਗਾਇਆ ਜਾਵੇਗਾ।