ਬਿਊਰੋ ਰਿਪੋਰਟ –
ਸਾਲ 2018 ‘ਚ ਅੰਮ੍ਰਿਤਸਰ ਦੇ ਜੋੜਾ ਫਾਟਕ ਕੋਲ ਦੁਸਹਿਰੇ ਵਾਲੇ ਦਿਨ ਵਾਪਰੇ ਭਿਆਨਕ ਸੜਕ ਹਾਦਸੇ ਨੂੰ ਅੱਜ ਸਾਲ ਹੋ ਗਿਆ ਹੈ ਤੇ ਅੱਜ ਮੁੜ ਜੋੜਾ ਫਾਟਕ ‘ਤੇ ਵੱਡੀ ਤਾਦਾਦ ‘ਚ ਲੋਕ ਇਕੱਠੇ ਹੋਏ ਹਨ। ਪਰ ਇਸ ਵਾਰ ਦੁਸਹਿਰਾ ਦੇਖਣ ਨਹੀਂ ਸਗੋਂ ਪਿਛਲੇ ਸਾਲ ਹਾਦਸੇ ‘ਚ ਹੋਈਆਂ ਮੌਤਾਂ ਦੇ ਇਨਸਾਫ ਦੀ ਮੰਗ ਕਰਦੇ ਲੋਕਾਂ ਦੁਆਰਾ ਜੋੜਾ ਫਾਟਕ ‘ਤੇ ਧਰਨਾ ਲਾਇਆ ਗਿਆ ਹੈ। 300 ਦੇ ਕਰੀਬ ਪੀੜਤ ਪਰਿਵਾਰਾਂ ਦੇ ਲੋਕਾਂ ਸਣੇ ਇਸ ਵਕਤ ਜੋੜਾ ਫਾਟਕ ‘ਤੇ ਭਾਰੀ ਇਕੱਠ ਹੈ ਤੇ ਨਵਜੋਤ ਸਿੱਧੂ ਖਿਲਾਫ ਨਾਅਰੇਬਾਜ਼ੀ ਹੋ ਰਹੀ ਹੈ।

ਪੀੜਤ ਪਰਿਵਾਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ 11 ਵਜੇ ਦੇ ਆਸ ਪਾਸ ਆਉਣ ਵਾਲੀ ਦਿੱਲੀ ਤੋਂ ਅੰਮ੍ਰਿਤਸਰ ਰੇਲ ਦੇ ਹੇਠ ਆ ਕੇ ਉਹ ਆਪਣੀਆਂ ਜਾਨਾਂ ਦੇ ਦੇਣਗੇ। ਇਸ ਭੀੜ ਨੂੰ ਹਟਾਉਣ ਲਈ ਭਾਰੀ ਪੁਲਿਸ ਫੋਰਸ ਵੀ ਤੈਨਾਤ ਕੀਤੀ ਗਈ ਹੈ ਪਰ ਭੀੜ ਟਸ ਤੋਂ ਮਸ ਨਹੀਂ ਹੋ ਰਹੀ।

ਇਸ ਮੌਕੇ ਸਾਬਕਾ ਅਕਾਲੀ ਕੌਂਸਲਰ ਸ਼ਮਸ਼ੇਰ ਸ਼ੇਰਾ, ਰਾਣਾ ਪਲਵਿੰਦਰ ਸਿੰਘ ਤੇ ਅਕਾਲੀ ਆਗੀ ਵੀ ਮੌਜੂਦ ਹਨ ਪਰ ਹਾਲੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਾਂਗਰਸ ਦਾ ਨੁਮਾਇੰਦਾ ਇਸ ਸਥਾਨ ‘ਤੇ ਨਹੀਂ ਪੁੱਜਾ ਹੈ।