ਫਗਵਾੜਾ (ਡਾ ਰਮਨ /ਅਜੇ ਕੋਛੜ ) ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਲਗਾਏ ਲਾਕ ਡਾਊਨ ਕਰਫਿਊ ਦੇ ਚਲਦੇ ਰੋਟੀ ਤੋਂ ਮੁਹਤਾਜ ਹੋਏ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਅੰਬੇਡਕਰ ਸੈਨਾ ਪੰਜਾਬ ਵੱਲੋਂ ਘਰ-ਘਰ ਜਾ ਕੇ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਹੈ। ਵਧੇਰੇ ਜਾਣਕਾਰੀ ਦਿੰਦਿਆਂ ਅੰਬੇਡਕਰ ਸੈਨਾ ਪੰਜਾਬ ਦੇ ਯੂਥ ਆਗੂ ਸੰਦੀਪ ਢੰਡਾ ਅਤੇ ਹੈਰੀ ਫਗਵਾੜਾ ਨੇ ਦੱਸਿਆ ਕਿ ਹੁਣ ਤੱਕ ਢਾਈ ਸੌ ਤੋਂ ਵੱਧ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਜਾ ਚੁੱਕੀ ਹੈ। ਉਹਨਾਂ ਸਰਕਾਰ ਤੇ ਬਿਨਾਂ ਕਿਸੇ ਵਿਉਂਤਬੰਦੀ ਦੇ ਜਨਤਾ ਕਰਫ਼ਿਊ ਲਗਾਉਣ ਦਾ ਦੋਸ਼ ਵੀ ਲਾਇਆ ਅਤੇ ਕਿਹਾ ਕਿ ਇਸ ਨਾਲ ਸਮਾਜ ਦਾ ਗਰੀਬ ਤਬਕਾ ਸਭ ਤੋਂ ਜਿਆਦਾ ਪ੍ਰਭਾਵਿਤ ਹੋਇਆ ਹੈ ਪਰ ਅੰਬੇਡਕਰ ਸੈਨਾ ਦੇ ਮਿਸ਼ਨਰੀ ਸਾਥੀਆਂ ਪਿੰਦੀ ਮੱਲ, ਹਰਦੀਪ ਭਾਟੀਆ, ਨੇਸ਼ੀ ਮੰਢਾਲੀ ਮੋਹਿਤ ਮੈਨੀ, ਸੰਨੀ ਮਹਿੰਦੀ, ਜੱਸ ਗਿੱਲ, ਧੱਮੀ ਹਦਿਆਬਾਦ, ਜੁਗਰਾਜ ਸਿੰਘ, ਗੁਰਵਿੰਦਰ ਮੱਲੀ ਦੇ ਸਹਿਯੋਗ ਨਾਲ ਪੂਰੀ ਸਾਵਧਾਨੀ ਵਰਤਦੇ ਹੋਏ ਜ਼ਰੂਰਤਮੰਦ ਪਰਿਵਾਰਾਂ ਨੂੰ ਘਰ-ਘਰ ਜਾ ਕੇ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਅਤੇ ਅੱਗੇ ਵੀ ਇਹ ਉਪਰਾਲਾ ਜ਼ਾਰੀ ਰਹੇਗਾ। ਉਨ੍ਹਾਂ ਸੂਬੇ ਦੀ ਕੈਪਟਨ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਤੋਂ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਜਿੱਥੇ ਸਮੂਹ ਸਮਾਜ ਸੇਵੀ ਸੰਸਥਾਵਾਂ ਲੋਕਾਂ ਤੱਕ ਰਾਹਤ ਦਾ ਸਮਾਨ ਪਹੁੰਚਾ ਰਹੀਆਂ ਹਨ ਉੱਥੇ ਹੀ ਕੁੱਝ ਦੁਕਾਨਦਾਰ ਮੁਨਾਫ਼ਾ ਖੋਰੀ ਵਿਚ ਲੱਗੇ ਹਨ ਅਤੇ ਸਮਾਨ ਨੂੰ ਮਹਿੰਗੇ ਭਾਅ ਤੇ ਵੇਚ ਰਹੇ ਹਨ ਜਿਹਨਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।