ਬੁੱਧ ਧਰਮ ਮਾਨਵਤਾਵਾਦੀ ਸੋਚ ਨੂੰ ਅੱਗੇ ਵਧਾਉਂਦਾ ਹੈ – ਬੁਲਾਰੇ
ਫਗਵਾੜਾ (ਡਾ ਰਮਨ ) ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ.) ਪੰਜਾਬ ਵੱਲੋਂ ਬੁੱਧ ਧੰਮ ਦੀਖਸ਼ਾ ਸਮਾਗਮ 14 ਅਕਤੂਬਰ 1956 ਦੀ ਧੱਮ ਕ੍ਰਾਂਤੀ ਦੇ ਤੌਰ ਤੇ ਅੰਬੇਡਕਰ ਭਵਨ ਜਲੰਧਰ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁਧਿਸਟ (ਰਜਿ.) ਪੰਜਾਬ ਨੇ ਕਿਹਾ ਕਿ ਇਸ ਦਿਨ ਬਾਬਾ ਸਾਹਿਬ ਡਾ. ਅੰਬੇਡਕਰ ਨੇ ਲੱਖਾਂ ਅਨੁਆਈਆਂ ਸਮੇਤ ਨਾਗਪੁਰ ਵਿਖੇ ਬੁੱਧ ਧੰਮ ਗ੍ਰਹਿਣ ਕੀਤਾ ਸੀ। ਇਸ ਮੌਕੇ ਬਾਬਾ ਸਾਹਿਬ ਡਾ. ਅੰਬੇਡਕਰ ਨੇ ਕਿਹਾ ਸੀ ਕਿ ਸਾਨੂੰ ਬੁੱਧ ਧੰਮ ਗ੍ਰਹਿਣ ਕਰਨਾ ਚਾਹੀਦਾ ਹੈ ਜੋ ਸਮਾਜ ਨੂੰ ਉਸਾਰੂ ਸੇਧ ਦਿੰਦਾ ਹੈ, ਇਹ ਧੰਮ ਵਿਵਹਾਰਕ ਅਤੇ ਦਲੀਲਾ ਵਾਲਾ ਹੈ,ਵਿਗਿਆਨਕ ਅਤੇ ਸਮਾਜ ਲਈ ਲਾਭਦਾਇਕ ਹੈ, ਜੋ ਆਜ਼ਾਦੀ,ਬਰਾਬਰੀ ਭਾਈਚਾਰੇ ਅਤੇ ਇਨਸਾਫ਼ ਦੀ ਹਾਮੀ ਭਰਦਾ ਹੈ ਅਤੇ ਗਰੀਬੀ ਦੀ ਵਡਿਆਈ ਨਹੀਂ ਕਰਦਾ। ਨਾਰੀ ਜਾਤੀ ਦੇ ਉਥਾਨ (ਉਨਤੀ) ਦੀ ਗੱਲ ਕਰਦਾ ਹੈ ਤੇ ਇਸਤਰੀਆਂ ਨੂੰ ਬਰਾਬਰ ਦੇ ਅਧਿਕਾਰ ਦੇ ਕੇ ਮਾਨਵਤਾਵਾਦੀ ਸੋਚ ਨੂੰ ਅਗਾਹਾਂ ਵਧਾਉਂਦਾ ਹੈ। ਇਸ ਮੌਕੇ ਸ੍ਰੀ ਲਾਹੌਰੀ ਰਾਮ ਬਾਲੀ ਐਡੀਟਰ ਭੀਮ ਪੱਤ੍ਰਕਾ ਅਤੇ ਅੰਬੇਡਕਰੀ ਚਿੰਤਕ ਨੇ ਕਿਹਾ ਕਿ ਇਸ ਸਮੇਂ ਬੁੱਧ ਧਰਮ ਹੀ ਭਾਰਤ ਨੂੰ ਬਰਬਾਦੀ ਤੋਂ ਬਚਾਅ ਸਕਦਾ ਹੈ। ਸ੍ਰੀ ਪਰਮਦਾਸ ਹੀਰ ਨੇ ਕਵਿਤਾਵਾਂ ਪੜ੍ਹੀਆਂ,ਮੈਡਮ ਸੁਦੇਸ਼ ਕਲਿਆਣ ਪ੍ਰਧਾਨ ਅੰਬੇਡਕਰ ਮਿਸ਼ਨ ਸੁਸਾਇਟੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਵੰਦਨਾ, ਤ੍ਰੀ-ਸ਼ਰਣ,ਪੰਚਸ਼ੀਲ ਦਾ ਪਾਠ ਪੜ੍ਹ ਕੇ ਕੀਤੀ ਅਤੇ ਮੁੱਖ ਬੁਲਾਰਿਆਂ ਨੇ ਤਥਾਗਤ ਬੁੱਧ ਦੇ ਸਟੈਚੂ ਮੋਹਰੇ ਅਗਰਬੱਤੀਆਂ ਅਤੇ ਮੋਮਬੱਤੀਆਂ ਜਲਾਈਆਂ ਤੇ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਇਤਿਹਾਸਕ ਦਿਨ ਨੂੰ ਮਨਾਉਣ ਲਈ ਸੀ ਰਾਮ ਲਾਲ,ਸ੍ਰੀ ਸੋਹਣ ਲਾਲ (ਸਾਬਕਾ ਡੀ.ਪੀ.ਆਈ), ਪਰਮਜੀਤ ਜੱਸਲ,ਚਮਨ ਦਾਸ ਸਾਂਪਲਾ,ਚੌ. ਹਰੀ ਰਾਮ ਸਾਬਕਾ ਓ ਐੱਸ ਡੀ,ਗੁਰਦਿਆਲ ਜੱਸਲ,ਹਰਮੇਸ਼ ਜੱਸਲ,ਐਡਵੋਕੇਟ ਕੁਲਦੀਪ ਭੱਟੀ,ਐਡਵੋਕੇਟ ਪ੍ਰਿਤਪਾਲ ਸਿੰਘ,ਐਡਵੋਕੇਟ ਰਾਜ ਕੁਮਾਰ ਬੈਂਸ ਤੇ ਹੋਰ ਬਹੁਤ ਸਾਰੇ ਉਪਾਸਕ-ਉਪਾਸਕਾਵਾਂ ਵਿਸ਼ੇਸ਼ ਤੌਰ ਤੇ ਪਹੁੰਚੇ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਵਰਿੰਦਰ ਕੁਮਾਰ ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਖੀਰ ਦਾ ਲੰਗਰ ਚਲਾਇਆ ਗਿਆ। ਇਹ ਪ੍ਰੋਗਰਾਮ ਅੰਤਰਰਾਸ਼ਟਰੀ ਪੱਧਰ ਤੇ ਜੂਮ ਮੀਟਿੰਗ ਕਰਕੇ 17 ਅਕਤੂਬਰ 2020 ਨੂੰ ਸ਼ਾਮ ਸਾਢੇ ਸੱਤ ਵਜੇ ਕੈਨੇਡਾ ਦੀ ਸੰਸਥਾ ਅੰਬੇਡਕਰ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਸਹਿਯੋਗ ਨਾਲ ਵੀ ਕੀਤਾ ਜਾਵੇਗਾ ਜਿਸ ਦਾ ਸੰਚਾਲਨ ਆਨੰਦ ਬਾਲੀ ਜੀ ਕਰਨਗੇ।