* ਪੈਨਸ਼ਨ ਰਾਸ਼ੀ 2500 ਰੁਪਏ ਕਰਨ ਦਾ ਵਾਅਦਾ ਕਰਵਾਇਆ ਯਾਦ
* ਅੰਗਹੀਣ ਭਲਾਈ ਐਕਟ ਲਾਗੂ ਕਰਨ ਦੀ ਵੀ ਕੀਤੀ ਮੰਗ
ਫਗਵਾੜਾ (ਡਾ ਰਮਨ ) ਅੰਗਹੀਣ ਅਤੇ ਬਲਾਇੰਡ ਯੂਨੀਅਨ ਪੰਜਾਬ ਦਾ ਇਕ ਵਫਦ ਅੱਜ ਸੂਬਾ ਪ੍ਰਧਾਨ ਲਖਬੀਰ ਸਿੰਘ ਸੈਣੀ ਦੀ ਅਗਵਾਈ ਹੇਠ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ। ਇਸ ਦੌਰਾਨ ਲਖਬੀਰ ਸਿੰਘ ਸੈਣੀ ਨੇ ਸ੍ਰ. ਮਾਨ ਨੂੰ ਅੰਗਹੀਣਾ ਦੀਆਂ ਸਮੱਸਿਆਵਾਂ ਨਾਲ ਜਾਣੂ ਕਰਵਾਇਆ ਅਤੇ ਇਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦਿੱਤਾ ਜਿਸ ਵਿਚ ਅੰਗਹੀਣ ਵਿਅਕਤੀਆਂ ਨੂੰ ਪੈਨਸ਼ਨ ਦੇ ਰੂਪ ਵਿਚ ਦਿੱਤੀ ਜਾਂਦੀ ਵਿੱਤੀ ਸਹਾਇਤਾ ਰਾਸ਼ੀ ਆਪਣੇ ਕੀਤੇ ਵਾਅਦੇ ਮੁਤਾਬਕ 750 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕਰਨ ਦੀ ਮੰਗ ਕੀਤੀ ਅਤੇ ਨਾਲ ਹੀ ਅੰਗਹੀਣ ਭਲਾਈ ਐਕਟ ਲਾਗੂ ਕਰਨ ਦੀ ਵੀ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਹੈ ਤਾਂ ਜੋ ਅੰਗਹੀਣ ਵਿਅਕਤੀਆਂ ਨੂੰ ਪੁਲਿਸ ਅਤੇ ਆਮ ਲੋਕਾਂ ਤੋਂ ਹੋਣ ਵਾਲੀ ਪਰੇਸ਼ਾਨੀ ਦੂਰ ਹੋ ਸਕੇ। ਲਖਬੀਰ ਸਿੰਘ ਸੈਣੀ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਕਰੀਬ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ ਪਰ ਅੰਗਹੀਣਾਂ ਨਾਲ ਕੀਤੇ ਵਾਅਦੇ ਹੁਣ ਤਕ ਪੂਰੇ ਨਹੀਂ ਹੋਏ ਜਦਕਿ 2017 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਹੋਈਆਂ ਜਿਮਨੀ ਚੋਣਾਂ ਵਿਚ ਵੀ ਅੰਗਹੀਣਾਂ ਨੇ ਪੂਰੇ ਪੰਜਾਬ ਵਿਚ ਪਰਿਵਾਰਾਂ ਦੀਆਂ ਵੋਟਾਂ ਖੁੱਲ• ਕੇ ਕਾਂਗਰਸ ਪਾਰਟੀ ਦੇ ਹੱਕ ਵਿਚ ਭੁਗਤਾਈਆਂ ਅਤੇ ਹੁਣ ਕੈਪਟਨ ਸਰਕਾਰ ਦਾ ਫਰਜ਼ ਹੈ ਕਿ ਉਹ ਅੰਗਹੀਣਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰੇ। ਜੋਗਿੰਦਰ ਸਿੰਘ ਮਾਨ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਇਹਨਾਂ ਦੋਵੇਂ ਜਾਇਜ ਮੰਗਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾ ਕੇ ਸੰਭਵ ਹਲ ਕਰਵਾਇਆ ਜਾਵੇਗਾ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਨੌਜਵਾਨ ਆਗੂ ਵਰੁਣ ਬੰਗੜ ਅਤੇ ਹੋਰ ਪਤਵੰਤੇ ਵੀ ਹਾਜਰ ਸਨ