ਸੁਲਤਾਨਪੁਰ ਲੋਧੀ / ਕਪੂਰਥਲਾ 30 ਅਗਸਤ 2019 – ਪੌਣੇ ਦੋ ਸਾਲ ਪਹਿਲਾਂ ਚਰਿੱਤਰਹੀਣਤਾ ਦੇ ਦੋਸ਼ ਹੇਠ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਵਿੱਚੋਂ ਛੇਕੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਸਿਰੋਪਾਓ ਭੇਟ ਕਰਕੇ ਇਤਿਹਾਸਕ ਅਤੇ ਪਵਿੱਤਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦਾ ਮੈਨੇਜਰ ਖੁਦ ਵਿਵਾਦਾਂ ਵਿੱਚ ਫਸ ਗਿਆ ਹੈ ।
ਹਾਲਾਂਕਿ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਹੁਕਮਨਾਮੇ ਵਿੱਚ ਸਪੱਸ਼ਟ ਲਿਖਿਆ ਗਿਆ ਸੀ ਕਿ ਦੋ ਸਾਲ ਤੱਕ ਇਸ ਦੇ ਚਰਿੱਤਰ ਸਬੰਧੀ ਨਿਗਰਾਨੀ ਰੱਖੀ ਜਾਵੇਗੀ ।
ਦੋ ਸਾਲ ਬਾਅਦ ਹੀ ਫਿਰ ਅਕਾਲ ਤਖ਼ਤ ਸਕੱਤਰੇਤ ਨੂੰ ਲਿਖਤੀ ਤੌਰ ਤੇ ਬੇਨਤੀ ਕਰੇਗਾ ਜਿਸ ਤੇ ਅਕਾਲ ਤਖ਼ਤ ਵੱਲੋਂ ਵਿਚਾਰ ਕੀਤਾ ਜਾਵੇਗਾ ।

ਸਿੰਘ ਸਾਹਿਬਾਨ ਦੀ 2018 ਵਿੱਚ ਹੋਈ ਇਸ ਇਕੱਤਰਤਾ ਵਿੱਚ ਚੱਢਾ ਸਬੰਧੀ ਕੋਈ ਵੀ ਧਾਰਮਿਕ ਸਜ਼ਾ ਨਿਰਧਾਰਤ ਨਹੀਂ ਸੀ ਕੀਤੀ ਗਈ ਸੀ ।

ਪਰ ਬੀਤੀ 27 ਅਗਸਤ ਨੂੰ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪੁੱਜੇ ਇਸ ਬੰਦੇ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਗਿਆ ।
ਗੁਰਦੁਆਰਾ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਵੱਲੋਂ ਇਸ ਨੂੰ ਸਿਰੋਪਾਓ ਭੇਟ ਕਰਨ ਦੇ ਨਾਲ – ਨਾਲ ਆਓ ਭਗਤ ਵੀ ਕੀਤੀ ਗਈ ।
ਵਰਨਣਯੋਗ ਹੈ ਕਿ ਦਸੰਬਰ 2017 ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ , ਜਿਸ ਵਿੱਚ ਚੀਫ ਖਾਲਸਾ ਦੀਵਾਨ ਦੇ ਮੁਖੀ ਚਰਨਜੀਤ ਸਿੰਘ ਚੱਢਾ ਇਸ ਸੰਸਥਾ ਦੇ ਹੀ ਅਧੀਨ ਕਾਲਜ ਦੀ ਮਹਿਲਾ ਪ੍ਰਿੰਸੀਪਲ ਨਾਲ ਅਸ਼ਲੀਲ ਹਰਕਤਾਂ ਕਰਦਾ ਦਿਖਾਈ ਦੇ ਰਿਹਾ ਸੀ ।
ਇਸ ਸਬੰਧੀ ਚੱਢਾ ਖਿਲਾਫ਼ ਪੁਲਿਸ ਵੱਲੋਂ ਅਪਰਾਧਿਕ ਮੁਕੱਦਮਾ ਵੀ ਦਰਜ਼ ਹੋਇਆ ਸੀ ।
ਪਰਿਵਾਰ ਦੀ ਹੋ ਰਹੀ ਨਮੋਸ਼ੀ ਨੂੰ ਨਾ ਸਹਾਰਦੇ ਹੋਏ ਚਰਨਜੀਤ ਸਿੰਘ ਚੱਢਾ ਦਾ ਪੁੱਤਰ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਗਿਆ ਸੀ ।

23 ਜਨਵਰੀ 2018 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਹੋਈ ਮੀਟਿੰਗ ਵਿੱਚ ਫੈਸਲਾ ਹੋਇਆ ਸੀ ਕਿ ਚਰਨਜੀਤ ਸਿੰਘ ਚੱਢਾ ਦੇ ਚਾਲ ਚਲਣ ‘ਤੇ ਦੋ ਸਾਲ ਨਿਗਰਾਨੀ ਰੱਖੀ ਜਾਵੇਗੀ ।

ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ , ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਅਕਾਲ ਤਖ਼ਤ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਸ਼ਾਮਲ ਸਨ।
ਇਕੱਤਰਤਾ ਦੌਰਾਨ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਚਰਨਜੀਤ ਸਿੰਘ ਚੱਢਾ ਨੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦਿੱਤਾ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਚੱਢਾ ਦਾ ਅਸਤੀਫ਼ਾ ਦੀਵਾਨ ਦੇ ਆਨਰੇਰੀ ਸਕੱਤਰ ਨੂੰ ਭੇਜਿਆ ਹੈ । ਉਸ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰਨ ਦੀ ਵੀ ਹਦਾਇਤ ਕੀਤੀ ਹੈ। ਚੀਫ ਖਾਲਸਾ ਦੀਵਾਨ ਦੇ ਸਮੂਹ ਅਹੁਦਿਆਂ ‘ਤੇ ਕੰਮ ਕਰਨ ‘ਤੇ ਲਾਈ ਗਈ ਰੋਕ ਸ੍ਰੀ ਅਕਾਲ ਤਖ਼ਤ ਨੇ ਦੋ ਸਾਲਾਂ ਵਾਸਤੇ ਵਧਾ ਦਿੱਤੀ ਹੈ।
ਇਸ ਦੌਰਾਨ ਸਮਾਗਮਾਂ ਵਿੱਚ ਚੱਢਾ ਦੇ ਸੰਬੋਧਨ ਕਰਨ ’ਤੇ ਵੀ ਰੋਕ ਲਾਈ ਹੈ।

27 ਅਗਸਤ ਨੂੰ ਚਰਨਜੀਤ ਸਿੰਘ ਚੱਢਾ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਪੁੱਜੇ ਤਾਂ ਸਬੱਬ ਚਾਹੇ ਚਰਨਜੀਤ ਚੱਢਾ ਦੇ ਪਰਿਵਾਰ ਵੱਲੋਂ ਪ੍ਰਸ਼ਾਦੇ ਪਕਾਉਣ ਵਾਲੀ ਮਸ਼ੀਨ ਦਾਨ ਕਰਨ ਦਾ ਸੀ ,
ਪਰ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਤੇ ਹੋਰ ਸਾਥੀਆਂ ਵੱਲੋਂ ਕੀਤੀ ਗਈ ਕਾਰਵਾਈ ਨੇ ਪੰਥਕ ਰਵਾਇਤਾਂ ਨੂੰ ਭਾਰੀ ਠੇਸ ਪਹੁੰਚਾਈ ਹੈ ।
ਇਸ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਟੈਲੀਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਦੌਰਾਨ ਫੋਨ ਕਾਲ ਤੋਂ ਇਲਾਵਾ ਵਟਸਐਪ ਮੈਸੇਜ ਵੀ ਭੇਜਿਆ ਗਿਆ ਹੈ ਪਰ ਉਨ੍ਹਾਂ ਵੱਲੋਂ ਫੋਨ ਕਾਲ ਰਸੀਵ ਨਹੀਂ ਕੀਤੀ ਜਾ ਰਹੀ । ਦੱਸਿਆ ਗਿਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਤਾ ਗੱਦੀ ਦਿਵਸ ਸਬੰਧੀ ਰੱਖੇ ਗਏ ਸਮਾਗਮ ਵਿੱਚ ਬਿਜ਼ੀ ਹਨ ।