ਫਗਵਾੜਾ (ਡਾ ਰਮਨ)

ਕਪੂਰਥਲਾ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਨੇ ਕੋਵਿਡ-19 ਕੋਰੋਨਾ ਵਾਇਰਸ ਆਫਤ ਦੌਰਾਨ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਅਰੋਗਿਆ ਸੇਤੂ ਐਪ ਵਿਚ ਆਨਲਾਈਨ ਦਵਾਈਆਂ ਵੇਚਣ ਵਾਲੀਆਂ ਕੰਪਨੀਆਂ ਦੇ ਵਿਗਿਆਪਨ ਦਿਖਾਏ ਜਾਣ ਨੂੰ ਲੈ ਕੇ ਸਖ਼ਤ ਇਤਰਾਜ ਪ੍ਰਗਟਾਇਆ ਹੈ। ਅੱਜ ਇਸ ਸਬੰਧੀ ਗੱਲਬਾਤ ਕਰਦਿਆਂ ਐਸੋਸੀਏਸ਼ਨ ਨੇ ਪੰਜਾਬ ਪ੍ਰਧਾਨ ਸੁਰਿੰਦਰ ਦੁੱਗਲ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਾਕੇਸ਼ ਅੱਗਰਵਾਲ, ਚੇਅਰਮੈਨ ਵਿਪਨ ਅਰੋੜਾ ਅਤੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਈ-ਫਾਰਮੇਸੀ ਕੰਪਨੀਆਂ ਦਾ ਪ੍ਰਚਾਰ ਕਰਕੇ ਦੇਸ਼ ਭਰ ਦੇ 8.50 ਲੱਖ ਕੈਮਿਸਟ ਕਾਰੋਬਾਰੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਕੈਮਿਸਟ ਆਪਣੀ ਜਿੰਦਗੀ ਨੂੰ ਖਤਰੇ ਵਿਚ ਪਾ ਕੇ ਲੋਕਾਂ ਨੂੰ ਜਰੂਰੀ ਦਵਾਈਆਂ ਪਹੁੰਚਾ ਰਹੇ ਹਨ। ਅਰੋਗਿਆ ਸੇਤੂ ਐਪ ਨੂੰ ਕੋਰੋਨਾ ਵਾਇਰਸ ਨਾਲ ਜੁੜੀਆਂ ਮਹੱਤਵਪੂਰਣ ਜਾਣਕਾਰੀਆਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਲਾਂਚ ਕੀਤੀ ਗਈ ਹੈ। ਕਰੀਬ 11 ਕਰੋੜ ਲੋਕ ਇਸ ਐਪ ਨੂੰ ਆਪਣੇ ਮੋਬਾਇਲ ਫੋਨ ਵਿਚ ਡਾਉਨਲੋਡ ਕਰ ਚੁੱਕੇ ਹਨ। ਇਸ ਐਪ ਤੇ ਨਾ ਸਿਰਫ ਈ-ਫਾਰਮੇਸੀ ਕੰਪਨੀਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਬਲਕਿ ਉਨ੍ਹਾਂ ਦੇ ਵੈਬਸਾਈਟ ਲਿੰਕ ਵੀ ਮੌਜੂਦ ਹਨ ਜੋ ਕਿ ਦੇਸ਼ ਭਰ ਦੇ ਲੱਖਾਂ ਕੈਮਿਸਟਾਂ ਨੂੰ ਤਬਾਹੀ ਦੇ ਕੰਡੇ ਲੈ ਜਾਣ ਵਾਲਾ ਕਦਮ ਹੈ। ਸਰਕਾਰ ਦਾ ਇਹ ਕਦਮ ਡਰਗਜ ਐਂਡ ਕਾਸਮੈਟਿਕ ਐਕਟ ਦੀ ਧਾਰਾ 1940 ਅਤੇ 1945 ਦੀ ਵੀ ਉਲੰਘਣਾ ਹੈ ਜਿਸ ਸਬੰਧੀ ਆਲ ਇੰਡੀਆ ਆਰਗਨਾਈਜੇਸ਼ਨ ਆਫ ਕੈਮਿਸਟ ਐਂਡ ਡਰਗਿਸਟ ਵਲੋਂ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਇਤਰਾਜ ਦਰਜ ਕਰਵਾ ਦਿੱਤਾ ਗਿਆ ਹੈ। ਈ-ਫਾਰਮੇਸੀ ਦੇ ਖਿਲਾਫ ਕਾਫੀ ਅਪੀਲਾਂ ਵੱਖ ਵੱਖ ਹਾਈ ਕੋਰਟਾਂ ਵਿਚ ਵਿਚਾਰ ਅਧੀਨ ਹਨ ਜਿਸ ਕਰਕੇ ਕਿਸੇ ਸਰਕਾਰੀ ਐਪ ਤੇ ਆਨਲਾਈਨ ਦਵਾਈਆਂ ਦੀ ਵਿਕਰੀ ਦਾ ਪ੍ਰਚਾਰ ਕਰਨਾ ਜਾਇਜ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਈ-ਮੇਲ ਰਾਹੀਂ ਮੰਗ ਪੱਤਰ ਭੇਜ ਕੇ ਅਰੋਗਿਆ ਐਪ ਤੋਂ ਇਹਨਾਂ ਵਿਗਿਆਪਨਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ ਜੇਕਰ ਜਰੂਰੀ ਹੋਇਆ ਤਾਂ ਅੰਦੋਲਨ ਵੀ ਕੀਤਾ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਅਤੇ ਅਹੁਦੇਦਾਰ ਹਾਜਰ ਸਨ