ਨਿਊਯਾਰਕ (ਏਜੰਸੀ)- ਅਮਰੀਕਾ ਦੇ ਟਰੱਕਿੰਗ ਖੇਤਰ ਵਿਚ ਮੰਦੀ ਪੈਦਾ ਹੋਣ ਦੀਆਂ ਰਿਪੋਰਟਾਂ ਦੇ ਬਾਵਜੂਦ ਇਸ ਵੇਲੇ 60 ਹਜ਼ਾਰ ਤੋਂ ਵੱਧ ਟਰੱਕ ਡਰਾਈਵਰਾਂ ਦੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਜੇ ਛੇਤੀ ਕਦਮ ਨਾ ਚੁੱਕੇ ਗਏ ਤਾਂ ਆਉਂਦੇ ਪੰਜ ਸਾਲ ਦੌਰਾਨ ਇਕ ਲੱਖ ਡਰਾਈਵਰਾਂ ਦੀ ਲੋੜ ਹੋਵੇਗੀ।

ਅਮਰੀਕਨ ਟਰੱਕਿੰਗ ਐਸੋਸੀਏਸ਼ਨ ਨਾਲ ਸਬੰਧਿਤ ਆਰਥਿਕ ਮਾਹਰ ਬੌਬ ਕੌਸਟੈਲੋ ਨੇ ਦੱਸਿਆ ਕਿ ਪਿਛਲੇ 15 ਸਾਲ ਦੌਰਾਨ ਟਰੱਕ ਡਰਾਈਵਰਾਂ ਦੀ ਮੰਗ ਉਪਰ ਹੇਠਾਂ ਹੁੰਦੀ ਰਹੀ ਪਰ ਪਿਛਲੇ ਸਾਲ 20 ਫੀਸਦੀ ਵਾਧਾ ਦਰਜ ਕੀਤਾ ਗਿਆ, ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ।

ਉਨ੍ਹਾਂ ਕਿਹਾ ਕਿ 2017 ਵਿਚ 50 ਹਜ਼ਾਰ 700 ਟਰੱਕ ਡਰਾਈਵਰਾਂ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਸੀ, ਜੋ 2018 ਵਿਚ ਵੱਧ ਕੇ 60 ਹਜ਼ਾਰ 800 ਦੇ ਅੰਕੜੇ ਤੱਕ ਪੁੱਜ ਗਈ। ਬੌਬ ਕੌਸਟੇਲ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਸਾਲ ਡਰਾਈਵਰਾਂ ਦੀ ਕਮੀ ਆਵੇਗੀ ਕਿਉਂਕਿ ਭਾੜੇ ਦੀਆਂ ਦਰਾਂ ਵਿਚ ਨਰਮੀ ਵੇਚਣ ਨੂੰ ਮਿਲ ਰਹੀ ਹੈ।

ਫਿਰ ਵੀ ਉਨ੍ਹਾਂ ਨੂੰ ਸੁਚੇਤ ਕੀਤਾ ਕਿ ਟਰੱਕ ਡਰਾਈਵਰਾਂ ਦੀ ਭਰਤੀ ਲਈ ਹੋਰ ਉਪਰਾਲੇ ਕਰਨੇ ਹੋਣਗੇ ਨਹੀਂ ਤਾਂ 2028 ਤੱਕ ਅਮਰੀਕਾ ਦਾ ਟਰੱਕਿੰਗ ਉਦਯੋਗ 1 ਲੱਖ 60 ਹਜ਼ਾਰ ਡਰਾਈਵਰਾਂ ਦੀ ਕਮੀ ਨਾਲ ਜੂਝ ਰਿਹਾ ਹੋਵੇਗਾ। ਇਕ ਹੋਰ ਰਿਪੋਰਟ ਮੁਤਾਬਕ ਅਮਰੀਕਾ ਵਿਚ ਮਾਲ ਦੀ ਢੋਆ-ਢੁਆਈ ਕਾਰਗਰ ਤਰੀਕੇ ਨਾਲ ਕਰਨ

ਵਾਸਤੇ ਹਰ ਸਾਲ 1.10 ਲੱਖ ਡਰਾਈਵਰਾਂ ਦੀ ਭਰਤੀ ਲਾਜ਼ਮੀ ਹੋਵੇਗੀ ਤਾਂ ਕਿ ਸੇਵਾ ਮੁਕਤ ਹੋਣ ਵਾਲੇ ਡਰਾਈਵਰਾਂ ਦਾ ਖੱਪਾ ਪੂਰਿਆ ਜਾ ਸਕੇ ਅਤੇ ਆਰਥਿਕਤਾ ਵਿਚ ਵਾਧੇ ਦੀ ਰਫਤਾਰ ਕਾਇਮ ਰੱਖੀ ਜਾ ਸਕੇ। ਅਮਰੀਕਾ ਦੇ ਕਿਰਤ ਵਿਭਾਗ ਮੁਤਾਬਕ ਮੁਲਕ ਵਿਚ 35 ਲੱਖ ਟਰੱਕ ਡਰਾਈਵਰ ਕੰਮ ਕਰ ਰਹੇ ਹਨ,

ਜਿਨ੍ਹਾਂ ਵਿਚੋਂ 18 ਲੱਖ ਟਰੱਕ ਡਰਾਈਵਰ ਕੰਮ ਕਰ ਰਹੇ ਹਨ, ਜਿਨ੍ਹਾਂ ਵਿਚੋਂ 18 ਲੱਖ ਹੈਵੀ ਗੱਡੀਆਂ ਜਿਵੇਂ ਟਰੈਕਟਰ-ਟਰੇਲਰ ਚਲਾ ਰਹੇ ਹਨ ਪਰ ਛੋਟੇ ਆਕਾਰ ਵਾਲੇ ਟਰੱਕਾਂ ਵੱਲ ਵੀ ਧਿਆਨ ਦੇਣਾ ਹੋਵੇਗਾ, ਜਿਥੇ ਡਰਾਈਵਰਾਂ ਦੀ ਕਿੱਲਤ ਸਭ ਤੋਂ ਜ਼ਿਆਦਾ ਹੈ।

ਡਰਾਈਵਰਾਂ ਦੀ ਕਿੱਲਤ ਲਈ ਜ਼ਿੰਮੇਵਾਰ ਕਾਰਨਾਂ ਵਿਚ ਉਮਰ ਵਧਣ ਕਾਰਨ ਸੇਵਾ ਮੁਕਤੀ, ਨਵੀਆਂ ਟਰਾਂਸਪੋਰਟ ਕੰਪਨੀਆਂ ਦੀ ਆਮਦ ਅਤੇ ਮਾਲ ਭਾੜੇ ਵਿਚ ਵਾਧਾ ਸ਼ਾਮਲ ਹੈ। ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੀ ਰਿਪੋਰਟ ਕਹਿੰਦੀ ਹੈ ਕਿ ਨਵੇਂ ਡਰਾਈਵਰਾਂ ਨੂੰ ਆਕਰਸ਼ਤ ਕਰਨ ਦੇ ਤਰੀਕੇ ਲੱਭਣੇ ਹੋਣਗੇ ਅਤੇ ਮਹਿਲਾ ਡਰਾਈਵਰਾਂ ਨੂੰ ਵੀ ਇਸ ਖੇਤਰ ਵਿਚ ਲਿਆਉਣਾ ਹੋਵੇਗਾ।

ਅਮਰੀਕਾ ਵਿਚ ਫਿਲਹਾਲ ਸਿਰਫ 6.6 ਫੀਸਦੀ ਮਹਿਲਾ ਟਰੱਕ ਡਰਾਈਵਰ ਕੰਮ ਕਰ ਰਹੀਆਂ ਹਨ ਅਤੇ ਇਹ ਅੰਕੜਾ ਲਗਾਤਾਰ ਘੱਟਦਾ-ਵੱਧਦਾ ਰਹਿੰਦਾ ਹੈ। ਰਿਪੋਰਟ ਮੁਤਾਬਕ ਅਮਰੀਕਾ ਦੇ ਕੁਲ ਟਰੱਕ ਡਰਾਈਵਰਾਂ ਵਿਚੋਂ 40.4 ਫੀਸਦੀ ਘੱਟ ਗਿਣਤੀ ਤਬਕਿਆਂ ਨਾਲ ਸਬੰਧਿਤ ਹਨ ਅਤੇ ਇਨ੍ਹਾਂ ਵਿਚੋਂ ਵੱਡੀ ਗਿਣਤੀ ਪੰਜਾਬੀ ਡਰਾਈਵਰਾਂ ਦੀ ਹੈ।