Home Punjabi-News ਅਧਿਆਪਕਾਂ ਨੇ ਬਦਲੀਆਂ ਲਾਗੂ ਨਾ ਕਰਨ ਸਬੰਧੀ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰਾਂ...

ਅਧਿਆਪਕਾਂ ਨੇ ਬਦਲੀਆਂ ਲਾਗੂ ਨਾ ਕਰਨ ਸਬੰਧੀ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰਾਂ ਦੀਆਂ ਸਾੜੀਆਂ ਕਾਪੀਆਂ

ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦਿਆ ਕੀਤੀ ਜੰਮ੍ਹ ਕੇ ਨਾਅਰੇਬਾਜ਼ੀ

ਸਾਹਬੀ ਦਾਸੀਕੇ ਸ਼ਾਹਕੋਟੀ

ਸ਼ਾਹਕੋਟ:- ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ਤੇ ਪੰਜਾਬ ਭਰ ਵਿੱਚ ਪ੍ਰਾਇਮਰੀ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਨਾ ਕਰਨ ਦੇ ਰੋਸ ਵਜੋਂ ਅਧਿਆਪਕ ਵਰਗ ਵੱਲੋਂ ਅੱਜ ਬਲਾਕ ਦਫ਼ਤਰਾਂ ਅੱਗੇ ਪੰਜਾਬ ਸਰਕਾਰ ਖਿਲਾਫ਼ ਰੋਹ ਭਰਪੂਰ ਮੁਜ਼ਾਹਰੇ ਕਰਨ ਉਪਰੰਤ ਬਦਲੀਆਂ ਲਾਗੂ ਨਾ ਕਰਨ ਸਬੰਧੀ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸੇ ਕੜੀ ਤਹਿਤ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਆਗੂ ਬੇਅੰਤ ਸਿੰਘ ਭੱਦਮਾਂ ਦੀ ਅਗਵਾਈ ’ਚ ਬਲਾਕ ਸ਼ਾਹਕੋਟ-1 ਅਤੇ 2 ਅਧੀਨ ਪੈਂਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਵੱਲੋਂ ਦਫ਼ਤਰ ਬਲਾਕ ਸਿੱਖਿਆ ਅਫ਼ਸਰ ਸ਼ਾਹਕੋਟ-1 ਅਤੇ 2 ਦੇ ਬਾਹਰ ਬਦਲੀਆਂ ਲਾਗੂ ਨਾ ਕਰਨ ਸਬੰਧੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰਾਂ ਦੀਆਂ ਕਾਪੀਆਂ ਸਾੜਦਿਆ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਅਧਿਆਪਕ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੀਆਂ ਬਦਲੀਆਂ ਦੀ ਰਸਮ ਮੁੱਖ ਮੰਤਰੀ ਪੰਜਾਬ ਵੱਲੋਂ ਬਟਨ ਦਬਾਅ ਕੇ ਕੀਤੀ ਗਈ ਸੀ, ਪਰ ਅੱਜ ਸਿੱਖਿਆ ਵਿਭਾਗ ਦੇ ਅਧਿਕਾਰੀ ਮੁੱਖ ਮੰਤਰੀ ਦੇ ਕੀਤੇ ਕਾਰਜ ਨੂੰ ਛਿੱਕੇ ਟੰਗ ਕੇ ਹਫ਼ਤੇ ਬਾਅਦ ਬਦਲੀਆਂ ਅੱਗੇ ਕਰਨ ਸਬੰਧੀ ਪੱਤਰ ਜਾਰੀ ਕਰ ਰਹੇ ਹਨ, ਜਿਸ ਕਾਰਨ ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਆਏ ਦਿਨ ਮੁਲਾਜ਼ਮ ਵਿਰੋਧੀ ਫੈਸਲੇ ਘੜ ਰਹੀ ਹੈ, ਜਿਸ ਕਾਰਨ ਅਧਿਆਪਕ ਵਰਗ ਵਿੱਚ ਰੋਹ ਵੱਧਦਾ ਜਾ ਰਿਹਾ ਹੈ। ਉਨਾਂ ਕਿਹਾ ਕਿ 2004 ਤੋਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬੰਦ ਕੀਤੀ ਹੋਈ ਹੈ, ਜਦਕਿ ਇੱਕ ਵਾਰ ਵਿਧਾਇਕ ਬਣ ਜਾਣ ਤੇ ਵਿਧਾਇਕ ਨੂੰ ਪੈਨਸ਼ਨ ਲਗਾ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਇਸ ਸਮਾਜ ਵਿੱਚ ਕਾਨੂੰਨ ਤੇ ਅਧਿਕਾਰ ਸਭ ਲਈ ਬਰਾਬਰ ਹਨ, ਫਿਰ ਦੋ ਤਰ੍ਹਾ ਦੇ ਕਾਨੂੰਨ ਤੇ ਅਧਿਕਾਰ ਬਣਾਕੇ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕਿਓ ਕੀਤਾ ਜਾ ਰਿਹਾ ਹੈ?
ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ। ਪੇ-ਕਮਿਸ਼ਨ ਜਲਦੀ ਲਾਗੂ ਨਾ ਕੀਤਾ। ਮਹਿੰਗਈ ਭੱਤਾ ਜੋ ਪਿੱਛਲੇ ਕਈ ਵਰ੍ਹਿਆ ਤੋਂ ਰੋਕਿਆ ਗਿਆ ਹੈ, ਜਾਰੀ ਨਾ ਕੀਤਾ। ਪ੍ਰਾਇਮਰੀ ਤੋਂ ਮਾਸਟਰ ਕਾਰਡ ਦੀਆਂ ਤਰੱਕੀਆਂ ਜਲਦੀ ਨਾ ਕੀਤੀਆਂ। ਟੈਂਟ ਪਾਸ ਈ.ਟੀ.ਟੀ. ਅਧਿਆਪਕਾਂ ਨੂੰ ਭਰਤੀ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਉਨਾਂ ਟੈਂਟ ਪਾਸ ਈ.ਟੀ.ਟੀ. ਅਧਿਆਪਕਾਂ ਤੇ ਪਟਿਆਲਾ ਵਿਖੇ ਹੋਏ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੇਅੰਤ ਸਿੰਘ ਭੱਦਮਾਂ, ਸੁਰਿੰਦਰ ਵਿੱਗ, ਅਮਰਪ੍ਰੀਤ ਸਿੰਘ ਝੀਤਾ, ਕਸ਼ਮੀਰ ਸਿੰਘ, ਜਤਿੰਦਰ ਅਰੋੜਾ, ਇੰਦਰਜੀਤ ਸਿੰਘ ਚੰਦੀ, ਮੇਜਰ ਸਿੰਘ ਮੀਏਂਵਾਲ, ਬਲਵੀਰ ਸਿੰਘ ਧੰਜੂ, ਨੀਰਜ ਕੁਮਾਰ, ਗੌਰਵ ਧਾਲੀਵਾਲ, ਇਕਬਾਲ ਮੁਹੰਮਦ, ਸੰਜੀਵ ਕੁਮਾਰ, ਚਰਨਜੀਤ ਸਿੰਘ ਜ਼ੀਰਾ, ਕੁਲਦੀਪ ਸਿੰਘ ਮੀਏਂਵਾਲ, ਰਕੇਸ਼ ਚੰਦ, ਜਸਵਿੰਦਰ ਸਿੰਘ ਸਾਬੀ, ਸਤਨਾਮ ਸਿੰਘ ਚਾਂਦੀਵਾਲ, ਸਰਬਜੀਤ ਕੌਰ, ਕੰਵਲਜੀਤ ਕੌਰ, ਜਸਬੀਰ ਕੌਰ, ਮਿਨਾਕਸ਼ੀ ਅਰੋੜਾ ਆਦਿ ਹਾਜ਼ਰ ਸਨ।