(ਸਾਹਬੀ ਦਾਸੀਕੇ)
ਸ਼ਾਹਕੋਟ: ਮਲਸੀਆਂ-ਲੋਹੀਆ ਸੜਕ ’ਤੇ ਬੀਤੀ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਮੋਟਰਸਾਈਕਲ ਸਵਾਰ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਰਾਧੇ ਸ਼ਾਮ ਯਾਦਵ ਪੁੱਤਰ ਗੌਸਾਂਈ ਯਾਦਵ ਵਾਸੀ ਪਿੰਡ ਮਾਣਕਪੁਰ, ਡਾਕਖਾਨਾ ਪੱਤਰਾਘਾਟ ਜ਼ਿਲਾ ਸੈਹਨਸਰਾ (ਬਿਹਾਰ) ਪਿੱਛਲੇ 5-6 ਸਾਲਾਂ ਤੋਂ ਮਲਸੀਆਂ ਦੀ ਪੱਤੀ ਸਾਹਲਾ ਨਗਰ ਵਿਖੇ ਇੱਕ ਫਾਰਮ ’ਤੇ ਕੰਮ ਕਰਦਾ ਸੀ ਅਤੇ ਉਥੇ ਹੀ ਰਹਿੰਦਾ ਸੀ। ਬੀਤੀ ਰਾਤ ਉਹ ਤੇ ਉਸਦਾ ਭਰਾ ਜੈ ਰਾਮ ਯਾਦਵ ਦੋਵੇਂ ਆਪਣੇ-ਆਪਣੇ ਮੋਟਰਸਾਈਕਲਾਂ ’ਤੇ ਪਿੰਡ ਦੌਲਤਪੁਰ ਢੱਡਾ ਵਿਖੇ ਲੇਬਰ ਸਾਥੀਆਂ ਲਈ ਰੋਟੀ ਲੈ ਕੇ ਗਏ ਸਨ ਅਤੇ ਰਾਤ ਕਰੀਬ 10.30 ਵਜੇ ਜਦ ਉਹ ਵਾਪਸੀ ਆ ਰਹੇ ਸਨ ਤਾਂ ਮਲਸੀਆਂ ਨਜ਼ਦੀਕ ਲੋਹੀਆਂ ਰੋਡ ’ਤੇ ਅੱਗਿਉ ਕਿਸੇ ਤੇਜ਼ ਰਫ਼ਤਾਰ ਵਾਹਨ ਨੇ ਰਾਧੇ ਸ਼ਾਮ ਯਾਦਵ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ’ਚ ਪ੍ਰਵਾਸੀ ਮਜ਼ਦੂਰ ਬੁਰੀ ਤਰਾਂ ਸੜਕ ’ਤੇ ਡਿੱਗਾ ਤੇ ਗੰਭੀਰ ਜ਼ਖਮੀ ਹੋ ਗਿਆ। ਇਸ ਹਾਦਸੇ ਬਾਰੇ ਜਦ ਮਲਸੀਆਂ ਚੌਂਕੀ ਦੀ ਪੁਲਿਸ ਚੌਂਕੀ ਨੂੰ ਪਤਾ ਲੱਗਾ ਤਾਂ ਚੌਂਕੀ ਇੰਚਾਰਜ਼ ਸਬ ਇੰਸਪੈਕਟਰ ਸੰਜੀਵਨ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਜ਼ਖਮੀ ਪ੍ਰਵਾਸੀ ਮਜ਼ਦੂਰ ਨੂੰ ਸਿਵਲ ਹਸਪਤਾਲ ਨਕੋਦਰ ਪਹੁੰਚਿਆ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਸਬ ਇੰਸਪੈਕਟਰ ਸੰਜੀਵਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਿ੍ਰਤਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਕਬਜ਼ੇ ’ਚ ਲੈ ਕੇ ਉਸਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਿਆ ਹੈ ਅਤੇ ਮਿ੍ਰਤਕ ਦੇ ਭਰਾ ਜੈ ਰਾਮ ਯਾਦਵ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।